ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਵਿਖੇ ਸੀ ਬੀ ਐੱਸ ਈ ਦੀ ਖੇਡਾਂ ਰਾਹੀਂ ਨੈਤਿਕ ਸਿੱਖਿਆ ’ਤੇ ਵਿਸ਼ੇਸ਼ ਵਰਕਸ਼ਾਪ ਆਯੋਜਨ
ਵਰਕਸ਼ਾਪ ਦੌਰਾਨ ਖੇਡ ਗਤੀਵਿਧੀਆਂ ਰਾਹੀਂ ਬੱਚਿਆਂ ਵਿੱਚ ਟੀਮ ਵਰਕ ਅਤੇ ਲੀਡਰਸ਼ਿਪ ਵਿਕਸਿਤ ਕਰਨ ਬਾਰੇ ਵਿਚਾਰ ਸਾਂਝੇ।
ਕੁਰਾਲੀ, 16 ਫਰਵਰੀ (ਪੁਸ਼ਪਿੰਦਰ ਸਿੰਘ) — ਸਿਸਵਾਂ ਰੋਡ ਸਥਿਤ ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ “ਖੇਡਾਂ ਅਤੇ ਖੇਡ ਮੁਕਾਬਲਿਆਂ ਰਾਹੀਂ ਨੈਤਿਕ ਸਿੱਖਿਆ” ਵਿਸ਼ੇ ’ਤੇ ਇੱਕ ਪ੍ਰਭਾਵਸ਼ਾਲੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਸੀ.ਬੀ.ਐੱਸ.ਈ. ਦੀ ਪਹਲ ਹੇਠ ਕਰਵਾਈ ਗਈ।
ਵਰਕਸ਼ਾਪ ਦੌਰਾਨ ਵਿਦਿਆਰਥੀਆਂ ਦੀ ਸ਼ਖ਼ਸੀਅਤ ਨਿਰਮਾਣ, ਅਨੁਸ਼ਾਸਨ ਅਤੇ ਜੀਵਨ ਦੇ ਜ਼ਰੂਰੀ ਹੁਨਰ ਵਿਕਸਿਤ ਕਰਨ ਵਿੱਚ ਖੇਡਾਂ ਦੀ ਅਹਿਮ ਭੂਮਿਕਾ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮਾਹਿਰਾਂ ਨੇ ਦੱਸਿਆ ਕਿ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਤੱਕ ਸੀਮਤ ਨਹੀਂ, ਸਗੋਂ ਇਹ ਬੱਚਿਆਂ ਵਿੱਚ ਟੀਮ ਵਰਕ, ਲੀਡਰਸ਼ਿਪ, ਸਬਰ, ਨਿਰਪੱਖਤਾ ਅਤੇ ਆਪਸੀ ਸਤਿਕਾਰ ਵਰਗੀਆਂ ਕਦਰਾਂ ਪੈਦਾ ਕਰਦੀਆਂ ਹਨ, ਜੋ ਉਨ੍ਹਾਂ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਬਣਾਉਣ ਵਿੱਚ ਮਦਦ ਕਰਦੀਆਂ ਹਨ।
ਸਕੂਲ ਦੇ ਪ੍ਰੈਜ਼ੀਡੈਂਟ ਮਾਨਵ ਸਿੰਗਲਾ ਨੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸੰਸਥਾ ਦਾ ਉਦੇਸ਼ ਕੇਵਲ ਕਿਤਾਬੀ ਗਿਆਨ ਦੇਣਾ ਨਹੀਂ, ਸਗੋਂ ਵਿਦਿਆਰਥੀਆਂ ਦਾ ਸੰਪੂਰਨ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾ ਕਿ ਖੇਡ ਮੈਦਾਨ ਵਿੱਚ ਮਿਲਣ ਵਾਲੀਆਂ ਸਿੱਖਿਆਵਾਂ—ਜਿਵੇਂ ਹਾਰ ਨੂੰ ਸਹਿਣਾ ਅਤੇ ਜਿੱਤ ਨੂੰ ਨਿਮਰਤਾ ਨਾਲ ਸਵੀਕਾਰ ਕਰਨਾ—ਬੱਚਿਆਂ ਨੂੰ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਦੀਆਂ ਹਨ।
ਇਸ ਦੌਰਾਨ ਅਧਿਆਪਕਾਂ ਨੂੰ ਵੀ ਤਰਬੀਅਤ ਦਿੱਤੀ ਗਈ ਕਿ ਉਹ ਰੋਜ਼ਾਨਾ ਖੇਡ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਜੀਵਨ ਮੁੱਲਾਂ ਨਾਲ ਕਿਵੇਂ ਜੋੜ ਸਕਦੇ ਹਨ। ਸਕੂਲ ਵੱਲੋਂ ਕੀਤੇ ਗਏ ਅਜਿਹੇ ਉਪਰਾਲੇ ਸੰਸਥਾ ਦੀ ਵਿਸ਼ਵ ਪੱਧਰੀ ਅਤੇ ਸਰਵਪੱਖੀ ਸਿੱਖਿਆ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੇ ਹਨ।
Comments are closed.