ਚਨਾਲੋਂ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਭਾਜਪਾ ਆਗੂ ਰਣਜੀਤ ਸਿੰਘ ਗਿੱਲ ਨੇ ਕੀਤਾ

ਤਿੰਨ ਦਿਨਾਂ 7-ਏ-ਸਾਈਡ ਮੁਕਾਬਲੇ ਵਿੱਚ ਕਰੀਬ ਤਿੰਨ ਦਰਜਨ ਟੀਮਾਂ ਦੀ ਭਾਗੀਦਾਰੀ, ਪਿੰਡ ਵਿੱਚ ਖੇਡਾਂ ਦਾ ਮੇਲਾ ਵਰਗਾ ਮਾਹੌਲ

ਮੁਹਾਲੀ, 22 ਫ਼ਰਵਰੀ (ਪੁਸ਼ਪਿੰਦਰ ਸਿੰਘ ਕੁਰਾਲੀ): ਵਾਰਡ ਨੰਬਰ 10 ਚਨਾਲੋਂ ਵਿਖੇ ਸ਼ੇਰ-ਏ-ਪੰਜਾਬ ਕਲੱਬ ਵੱਲੋਂ ਕਰਵਾਏ ਜਾ ਰਹੇ ਤਿੰਨ ਦਿਨਾਂ 7-ਏ-ਸਾਈਡ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਪੜਾਅ ਦੌਰਾਨ ਰੋਮਾਂਚਕ ਮੁਕਾਬਲੇ ਵੇਖਣ ਨੂੰ ਮਿਲੇ। ਇਸ ਟੂਰਨਾਮੈਂਟ ਵਿੱਚ ਲਗਭਗ ਤਿੰਨ ਦਰਜਨ ਟੀਮਾਂ ਭਾਗ ਲੈ ਰਹੀਆਂ ਹਨ, ਜਿਸ ਨਾਲ ਇਲਾਕੇ ਵਿੱਚ ਖੇਡਾਂ ਦਾ ਮੇਲਾ ਵਰਗਾ ਮਾਹੌਲ ਬਣਿਆ ਹੋਇਆ ਹੈ।

ਕਲੱਬ ਪ੍ਰਧਾਨ ਵਰਿੰਦਰ ਸਿੰਘ ਦੀ ਨਿਗਰਾਨੀ ਹੇਠ ਕਲੱਬ ਮੈਂਬਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦੇ ਦੂਜੇ ਪੜਾਅ ਦਾ ਉਦਘਾਟਨ ਸੀਨੀਅਰ ਭਾਜਪਾ ਆਗੂ ਰਣਜੀਤ ਸਿੰਘ ਗਿੱਲ ਨੇ ਕੀਤਾ। ਇਸ ਮੌਕੇ ਉਨ੍ਹਾਂ ਟੂਰਨਾਮੈਂਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਖਿਡਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹੌਸਲਾ ਵੀ ਵਧਾਇਆ ਅਤੇ ਉਜਲੇ ਭਵਿੱਖ ਲਈ ਅਸੀਸਾਂ ਦਿੱਤੀਆਂ।

ਦੂਜੇ ਪੜਾਅ ਦੇ ਮੈਚਾਂ ਵਿੱਚ ਚਤਾਮਲੀ ਦੀ ਟੀਮ ਨੇ ਖਿਜ਼ਰਾਬਾਦ ਨੂੰ, ਕੁਰਾਲੀ ਦੀ ਟੀਮ ਨੇ ਸਿੰਘਪੁਰਾ ਨੂੰ ਅਤੇ ਚਨਾਲ ਦੀ ਟੀਮ ਨੇ ਢੰਗਰਾਲੀ ਨੂੰ ਹਰਾਕੇ ਅਗਲੇ ਦੌਰ ਲਈ ਕਵਾਲੀਫਾਈ ਕੀਤਾ। ਹੁਣ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਹੋਣੇ ਬਾਕੀ ਹਨ, ਜਿਨ੍ਹਾਂ ਨੂੰ ਲੈ ਕੇ ਖਿਡਾਰੀਆਂ ਅਤੇ ਦਰਸ਼ਕਾਂ ਵਿੱਚ ਖਾਸ ਉਤਸ਼ਾਹ ਹੈ।

ਮੈਚਾਂ ਤੋਂ ਬਾਅਦ ਕਲੱਬ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਰਣਜੀਤ ਸਿੰਘ ਗਿੱਲ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਗੁਰਮੇਲ ਪਾਬਲਾ, ਹਰਮਿੰਦਰ ਪਾਬਲਾ ਸਮੇਤ ਕਈ ਪਤਵੰਤੇ ਅਤੇ ਖੇਡ ਪ੍ਰੇਮੀ ਮੌਜੂਦ ਸਨ।

Comments are closed.