ਕੁਰਾਲੀ ਵਿੱਚ ਪੰਜ ਦਿਨਾਂ ਭਗਵਾਨ ਸ਼ਿਵ ਕਥਾ ਦਾ ਸ਼ੁੱਭ ਆਗਾਜ਼, ਮਹਾਸ਼ਿਵਰਾਤਰੀ ਮੌਕੇ ਵੱਡੀ ਸੰਖਿਆ ਵਿੱਚ ਭਗਤ ਹਾਜ਼ਰ
ਸਾਧਵੀ ਜੀ ਨੇ ਕਿਹਾ ਕਿ ਸ਼ਿਵ ਮਹਾਪੁਰਾਣ ਇਕ ਅਦਭੁਤ ਅਤੇ ਦਿਵਯ ਗ੍ਰੰਥ ਹੈ, ਜਿਸ ਦੀ ਕਥਾ ਮਨੁੱਖੀ ਜੀਵਨ ਵਿੱਚ ਸੁਖ, ਸਮ੍ਰਿੱਧੀ ਅਤੇ ਆਨੰਦ ਦਾ ਸੰਚਾਰ ਕਰਦੀ ਹੈ।
ਮੁਹਾਲੀ, 19 ਫਰਵਰੀ (ਪੁਸ਼ਪਿੰਦਰ ਸਿੰਘ) — ਮਹਾਸ਼ਿਵਰਾਤਰੀ ਦੇ ਪਾਵਨ ਅਵਸਰ ‘ਤੇ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਸ੍ਰੀ ਦੁਰਗਾ ਸ਼ਿਵ ਸ਼ਕਤੀ ਮੰਦਰ ਧਰਮਸ਼ਾਲਾ, ਕੁਰਾਲੀ ਵਿੱਚ ਪੰਜ ਦਿਨਾਂ ਭਗਵਾਨ ਸ਼ਿਵ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕਥਾ ਦੇ ਪਹਿਲੇ ਦਿਨ ਸੰਸਥਾਨ ਦੇ ਸੰਸਥਾਪਕ ਤੇ ਸੰਚਾਲਕ ਸ੍ਰੀ ਆਸ਼ੁਤੋਸ਼ ਮਹਾਰਾਜ ਜੀ ਦੀ ਪਰਮ ਸ਼ਿਸ਼ਿਆ ਅਤੇ ਕਥਾ ਵਿਆਸ ਸਾਧਵੀ ਸੰਯੋਗਿਤਾ ਭਾਰਤੀ ਜੀ ਨੇ ਸ਼ਿਵ ਮਹਾਪੁਰਾਣ ਦੀ ਮਹਿਮਾ ਬਾਰੇ ਵਿਸਥਾਰ ਨਾਲ ਵਰਣਨ ਕਰਦਿਆਂ ਸਤਸੰਗ ਦੀ ਮਹੱਤਤਾ ਉਜਾਗਰ ਕੀਤੀ।
ਸਾਧਵੀ ਜੀ ਨੇ ਕਿਹਾ ਕਿ ਸ਼ਿਵ ਮਹਾਪੁਰਾਣ ਇਕ ਅਦਭੁਤ ਅਤੇ ਦਿਵਯ ਗ੍ਰੰਥ ਹੈ, ਜਿਸ ਦੀ ਕਥਾ ਮਨੁੱਖੀ ਜੀਵਨ ਵਿੱਚ ਸੁਖ, ਸਮ੍ਰਿੱਧੀ ਅਤੇ ਆਨੰਦ ਦਾ ਸੰਚਾਰ ਕਰਦੀ ਹੈ। ਭਗਵਾਨ ਸ਼ਿਵ ਸਮੂਹ ਸ੍ਰਿਸ਼ਟੀ ਦੇ ਅਧੀਸ਼ਵਰ ਅਤੇ ਸਾਕਸ਼ਾਤ ਪਰਮਾਤਮਾ ਹਨ, ਜੋ ਆਤਮ-ਗਿਆਨ ਰਾਹੀਂ ਜੀਵ ਨੂੰ ਈਸ਼ਵਰ ਨਾਲ ਜੁੜਨ ਦੀ ਰਾਹ ਦਿਖਾਉਂਦੇ ਹਨ। ਭੋਲੇਨਾਥ ਦੀ ਕਥਾ ਵਿੱਚ ਲੀਨ ਹੋਣ ਨਾਲ ਮਨੁੱਖ ਨੂੰ ਆਤਮਿਕ ਸ਼ਾਂਤੀ ਅਤੇ ਪ੍ਰਭੂ ਦੀ ਕਿਰਪਾ ਪ੍ਰਾਪਤ ਹੁੰਦੀ ਹੈ।
ਉਨ੍ਹਾਂ ਨੇ ਕਿਹਾ ਕਿ ਕਥਾ ਸਿਰਫ ਸੁਣਨ ਅਤੇ ਉਸ ਨੂੰ ਜੀਵਨ ਵਿੱਚ ਉਤਾਰਨ ਵਿੱਚ ਵੱਡਾ ਅੰਤਰ ਹੈ। ਸੁਣਨਾ ਆਸਾਨ ਹੈ, ਪਰ ਉਸ ਨੂੰ ਅਪਣਾਉਣ ਦੀ ਕਲਾ ਪੂਰਨ ਸੰਤ ਦੇ ਮਾਰਗਦਰਸ਼ਨ ਨਾਲ ਹੀ ਆਉਂਦੀ ਹੈ। ਸੰਤ ਸੰਗ ਦੀ ਮਹਿਮਾ ਬਿਆਨ ਕਰਦਿਆਂ ਉਨ੍ਹਾਂ ਨੇ ਕਈ ਧਾਰਮਿਕ ਉਦਾਹਰਣਾਂ ਦਿੱਤੀਆਂ ਅਤੇ ਦੱਸਿਆ ਕਿ ਸੰਤ ਦੀ ਕ੍ਰਿਪਾ ਨਾਲ ਮਨੁੱਖ ਦੇ ਜੀਵਨ ਵਿੱਚ ਅਚੰਭਿਤ ਬਦਲਾਅ ਆ ਸਕਦਾ ਹੈ। ਸ਼ਾਸਤਰਾਂ ਵਿੱਚ ਇਕ ਘੜੀ ਦੇ ਸਤਸੰਗ ਨੂੰ ਵੀ ਅਮੂਲ ਦੱਸਿਆ ਗਿਆ ਹੈ।
ਸਾਧਵੀ ਜੀ ਨੇ ਸਮਝਾਇਆ ਕਿ ‘ਸਤਸੰਗ’ ਸ਼ਬਦ ‘ਸਤ’ ਅਤੇ ‘ਸੰਗ’ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਸੱਚ ਜਾਂ ਪਰਮਾਤਮਾ ਨਾਲ ਜੁੜਨਾ। ਇਸ ਮਿਲਾਪ ਲਈ ਸੰਤ ਇੱਕ ਮਾਧਿਅਮ ਬਣਦੇ ਹਨ, ਇਸ ਲਈ ਹਰ ਮਨੁੱਖ ਨੂੰ ਜੀਵਨ ਵਿੱਚ ਇੱਕ ਪੂਰਨ ਸੰਤ ਦੀ ਖੋਜ ਕਰਨੀ ਚਾਹੀਦੀ ਹੈ, ਜੋ ਬ੍ਰਹਮ-ਗਿਆਨ ਦੇ ਕੇ ਮਨੁੱਖ ਨੂੰ ਪਰਮਾਤਮਾ ਨਾਲ ਜੋੜ ਸਕੇ।
ਪਹਿਲੇ ਦਿਨ ਦੀ ਕਥਾ ਦਾ ਸਮਾਪਨ ਪ੍ਰਭੂ ਦੀ ਪਾਵਨ ਆਰਤੀ ਨਾਲ ਕੀਤਾ ਗਿਆ। ਇਸ ਮੌਕੇ ਸ੍ਰੀ ਰਾਕੇਸ਼ ਅਗਰਵਾਲ (ਪ੍ਰਧਾਨ, ਅਗਰਵਾਲ ਸਭਾ ਕੁਰਾਲੀ), ਸ੍ਰੀ ਸੰਜੀਵ ਕੁਮਾਰ ਟੋਨੀ (ਪ੍ਰਧਾਨ, ਦੁਰਗਾ ਸ਼ਿਵ ਸ਼ਕਤੀ ਮੰਦਰ ਧਰਮਸ਼ਾਲਾ ਕੁਰਾਲੀ), ਸੋਢੀ ਬਾਬਾ ਮੰਦਰ ਕੀਰਤਨ ਮੰਡਲੀ, ਨਦੀਪਾਰ ਕੁਟੀਆ ਕੀਰਤਨ ਮੰਡਲੀ, ਦੁਰਗਾ ਸ਼ਿਵ ਸ਼ਕਤੀ ਮੰਦਰ ਕੀਰਤਨ ਮੰਡਲੀ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਭਗਤਜਨ ਹਾਜ਼ਰ ਰਹੇ ਅਤੇ ਸਭ ਨੇ ਮਿਲ ਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
Comments are closed.