ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਵੱਲੋਂ ਪਲਹੇੜੀ ਅਤੇ ਮੱਛਲੀ ਕਲਾਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ
ਪਲਹੇੜੀ ਦੀ 1823 ਫੁੱਟ ਲੰਬੀ ਫਿਰਨੀ ਤੇ ਦੋ ਓਪਨ ਜਿੰਮ ਲੋਕਾਂ ਨੂੰ ਸਮਰਪਿਤ • ਨੌਜਵਾਨਾਂ ਲਈ ਫਿਟਨੈੱਸ ਅਤੇ ਪਿੰਡ ਵਾਸੀਆਂ ਲਈ ਬਿਹਤਰ ਆਵਾਜਾਈ ਦੀ ਸਹੂਲਤ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਫਰਵਰੀ (ਪੁਸ਼ਪਿੰਦਰ ਸਿੰਘ ਕੁਰਾਲੀ):
ਮਲਵਿੰਦਰ ਸਿੰਘ ਕੰਗ, ਮੈਂਬਰ ਲੋਕ ਸਭਾ (ਸ੍ਰੀ ਆਨੰਦਪੁਰ ਸਾਹਿਬ ਸੰਸਦੀ ਹਲਕਾ), ਵੱਲੋਂ ਜ਼ਿਲ੍ਹਾ ਮੋਹਾਲੀ ਦੇ ਪਿੰਡ ਪਲਹੇੜੀ ਵਿੱਚ ਪਿੰਡ ਦੀ ਫਿਰਨੀ ਅਤੇ ਓਪਨ ਜਿੰਮ ਦਾ ਉਦਘਾਟਨ ਕੀਤਾ ਗਿਆ, ਜਦਕਿ ਪਿੰਡ ਮੱਛਲੀ ਕਲਾਂ ਵਿੱਚ ਵੀ ਇਕ ਹੋਰ ਓਪਨ ਜਿੰਮ ਲੋਕਾਂ ਨੂੰ ਸਮਰਪਿਤ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਐੱਮ.ਪੀ. ਕੰਗ ਨੇ ਦੱਸਿਆ ਕਿ ਪਿੰਡ ਪਲਹੇੜੀ ਵਿੱਚ 1823 ਫੁੱਟ ਲੰਬੀ ਫਿਰਨੀ ਦੇ ਨਿਰਮਾਣ ਲਈ ਮਨਰੇਗਾ ਅਤੇ ਪੰਚਾਇਤ ਫੰਡਾਂ ਵਿੱਚੋਂ ਲਗਭਗ 26 ਲੱਖ ਰੁਪਏ ਖਰਚ ਕੀਤੇ ਗਏ ਹਨ। ਇਸ ਨਾਲ ਪਿੰਡ ਵਾਸੀਆਂ ਦੀ ਆਵਾਜਾਈ ਵਿੱਚ ਵੱਡਾ ਸੁਧਾਰ ਆਵੇਗਾ ਅਤੇ ਪਿੰਡ ਦਾ ਬੁਨਿਆਦੀ ਢਾਂਚਾ ਮਜ਼ਬੂਤ ਹੋਵੇਗਾ।
ਉਨ੍ਹਾਂ ਦੱਸਿਆ ਕਿ ਪਿੰਡ ਮਸਤਗੜ੍ਹ ਲਈ ਲਗਭਗ 3 ਲੱਖ ਰੁਪਏ ਦੀ ਲਾਗਤ ਨਾਲ ਪਾਣੀ ਦਾ ਟੈਂਕਰ ਵੀ ਮੁਹੱਈਆ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਪਿੰਡ ਰੁੜਕੀ ਖਾਮ ਵਿੱਚ ਕੱਚੀ ਨਦੀ ਉੱਤੇ ਬਣੇ ਪੁੱਲ ਦਾ ਵੀ ਜਾਇਜ਼ਾ ਲਿਆ ਗਿਆ, ਜੋ ਪਿਛਲੇ ਹੜ੍ਹਾਂ ਦੌਰਾਨ ਨੁਕਸਾਨੀ ਹੋ ਗਿਆ ਸੀ। ਉਨ੍ਹਾਂ ਭਰੋਸਾ ਦਿਵਾਇਆ ਕਿ ਲੋਕਾਂ ਦੀ ਆਵਾਜਾਈ ਨੂੰ ਧਿਆਨ ਵਿੱਚ ਰੱਖਦਿਆਂ ਇਹ ਪੁੱਲ ਜਲਦੀ ਦੁਬਾਰਾ ਤਿਆਰ ਕਰਵਾਇਆ ਜਾਵੇਗਾ।
ਐੱਮ.ਪੀ. ਕੰਗ ਨੇ ਦੱਸਿਆ ਕਿ ਐੱਮ.ਪੀ.ਲੈਡ ਫੰਡ ਵਿੱਚੋਂ ਪਲਹੇੜੀ ਅਤੇ ਮੱਛਲੀ ਕਲਾਂ ਵਿੱਚ ਕੁੱਲ ਲਗਭਗ 6 ਲੱਖ ਰੁਪਏ ਦੀ ਲਾਗਤ ਨਾਲ ਓਪਨ ਜਿੰਮ ਸਥਾਪਿਤ ਕੀਤੇ ਗਏ ਹਨ। ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਲਕੇ ਦੇ ਹਰ ਪਿੰਡ ਵਿੱਚ ਸ਼ਮਸ਼ਾਨਘਾਟ, ਧਰਮਸ਼ਾਲਾ, ਜਿੰਮ, ਫਲੱਡ ਲਾਈਟਾਂ, ਖੇਡ ਮੈਦਾਨ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਹਰ ਪਿੰਡ ਵਿੱਚ ਨੌਜਵਾਨਾਂ ਲਈ ਜਿੰਮ ਅਤੇ ਬਜ਼ੁਰਗਾਂ ਲਈ ਪਾਰਕ ਹੋਣੇ ਚਾਹੀਦੇ ਹਨ। ਓਪਨ ਜਿੰਮਾਂ ਨਾਲ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਣਾ ਮਿਲੇਗੀ ਅਤੇ ਖੇਡਾਂ ਪ੍ਰਤੀ ਰੁਝਾਨ ਵੀ ਵਧੇਗਾ।
ਐੱਮ.ਪੀ. ਕੰਗ ਨੇ ਇਹ ਵੀ ਕਿਹਾ ਕਿ ਐੱਮ.ਪੀ.ਲੈਡ ਫੰਡ ਦੀ ਵਰਤੋਂ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ ਅਤੇ ਹਲਕੇ ਦੇ ਹਰ ਪਿੰਡ ਵਿੱਚ ਲੋੜ ਅਨੁਸਾਰ ਵਿਕਾਸ ਕਾਰਜ ਤਰਜੀਹ ਦੇ ਆਧਾਰ ’ਤੇ ਕਰਵਾਏ ਜਾ ਰਹੇ ਹਨ।
ਇਸ ਮੌਕੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀ, ਪਿੰਡਾਂ ਦੇ ਸਰਪੰਚ, ਪੰਚਾਇਤ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
Comments are closed.