ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਲਾਲੜੂ ਖੇਤਰ ਦੇ ਪਿੰਡਾਂ ਵਿੱਚ 1265.85 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਦੀ ਉਸਾਰੀ ਦੀ ਸ਼ੁਰੂਆਤ
19.18 ਕਿਲੋਮੀਟਰ ਲੰਬੀਆਂ ਲਿੰਕ ਸੜਕਾਂ ਅਤੇ ਫਿਰਨੀਆਂ ਬਣਨ ਨਾਲ ਪਿੰਡਾਂ ਨੂੰ ਮਿਲੇਗੀ ਵੱਡੀ ਰਾਹਤ, ਆਵਾਜਾਈ ਸੁਵਿਧਾਵਾਂ ਵਿੱਚ ਹੋਵੇਗਾ ਸੁਧਾਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਫ਼ਰਵਰੀ (ਪੁਸ਼ਪਿੰਦਰ ਸਿੰਘ ਕੁਰਾਲੀ) ਵਿਧਾਨ ਸਭਾ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਲਾਲੜੂ ਅਤੇ ਆਸਪਾਸ ਦੇ ਵੱਖ-ਵੱਖ ਪਿੰਡਾਂ ਵਿੱਚ ਕੁੱਲ 1265.85 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ 19.18 ਕਿਲੋਮੀਟਰ ਲੰਬੀਆਂ ਸੜਕਾਂ ਅਤੇ ਫਿਰਨੀਆਂ ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ।
ਵਿਧਾਇਕ ਰੰਧਾਵਾ ਨੇ ਦੱਸਿਆ ਕਿ ਹਲਕੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਪਿੰਡਾਂ ਦੀਆਂ ਲਿੰਕ ਸੜਕਾਂ, ਫਿਰਨੀਆਂ ਅਤੇ ਹੋਰ ਵਿਕਾਸ ਕਾਰਜਾਂ ਨੂੰ ਤਰਜੀਹ ਦੇ ਕੇ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਪਿੰਡ ਮਲਕਪੁਰ ਤੋਂ ਜੌਲਾ ਕਲਾਂ ਸ਼ਮਸ਼ਾਨਘਾਟ ਅਤੇ ਫਿਰਨੀ ਤੋਂ ਜਾਸਤਨਾ ਖੁਰਦ ਤੱਕ 3.29 ਕਿਲੋਮੀਟਰ ਲੰਬੀ ਸੜਕ ਬਣਾਈ ਜਾਵੇਗੀ, ਜਿਸ ‘ਤੇ 252.25 ਲੱਖ ਰੁਪਏ ਦੀ ਲਾਗਤ ਆਵੇਗੀ।
ਇਸੇ ਤਰ੍ਹਾਂ ਲਾਲੜੂ (ਹੰਡੇਸਰਾ ਰੋਡ) ਤੋਂ ਮਲਕਪੁਰ ਵਾਇਆ ਫੁਲਵਾੜੀ ਬਾਇਓਟੈਕ ਲਿਮਟਿਡ ਤੱਕ 1.92 ਕਿਲੋਮੀਟਰ ਲੰਬੀ ਸੜਕ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ, ਜਿਸ ‘ਤੇ 154.71 ਲੱਖ ਰੁਪਏ ਖਰਚ ਹੋਣਗੇ। ਪਿੰਡ ਅੰਟਾਲਾ ਵਿੱਚ 0.77 ਕਿਲੋਮੀਟਰ ਫਿਰਨੀ ਦੀ ਉਸਾਰੀ ਵੀ ਸ਼ੁਰੂ ਹੋ ਗਈ ਹੈ, ਜਿਸ ‘ਤੇ 63.97 ਲੱਖ ਰੁਪਏ ਦੀ ਲਾਗਤ ਆਵੇਗੀ।
ਇਸ ਤੋਂ ਇਲਾਵਾ ਨਗਲਾ ਤੋਂ ਬੋਹ ਹਰਿਆਣਾ ਬਾਰਡਰ ਅਤੇ ਅੰਬਾਲਾ-ਨਰਾਇਣਗੜ੍ਹ ਰੋਡ ਤੋਂ ਬਰਟਾਣਾ ਵਾਇਆ ਰਾਣੀਮਾਜਰਾ ਤੋਂ ਹਮਾਯੂੰਪਰ ਤੱਕ 2.89 ਕਿਲੋਮੀਟਰ ਸੜਕਾਂ ਬਣਨਗੀਆਂ, ਜਿਨ੍ਹਾਂ ‘ਤੇ 105.85 ਲੱਖ ਰੁਪਏ ਖਰਚ ਕੀਤੇ ਜਾਣਗੇ।
ਵਿਕਾਸ ਕਾਰਜਾਂ ਦੀ ਲੜੀ ਵਿੱਚ ਛਛਰੌਲੀ ਤੋਂ ਧਰਮਗੜ੍ਹ ਤੱਕ 1.37 ਕਿਲੋਮੀਟਰ ਸੜਕ ਅਤੇ ਮੀਰਪੁਰ ਵਿੱਚ 0.99 ਕਿਲੋਮੀਟਰ ਫਿਰਨੀ ਦੀ ਉਸਾਰੀ ਵੀ ਸ਼ੁਰੂ ਕੀਤੀ ਗਈ ਹੈ, ਜਿਨ੍ਹਾਂ ‘ਤੇ ਕ੍ਰਮਵਾਰ 101.74 ਲੱਖ ਅਤੇ 67.65 ਲੱਖ ਰੁਪਏ ਦੀ ਲਾਗਤ ਆਵੇਗੀ।
ਇਸ ਤੋਂ ਇਲਾਵਾ ਸਿਤਾਰਪੁਰ ਤੋਂ ਰਾਮਗੜ੍ਹ ਰੁੜਕੀ ਤੱਕ 2.00 ਕਿਲੋਮੀਟਰ ਸੜਕ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ‘ਤੇ 167.72 ਲੱਖ ਰੁਪਏ ਖਰਚ ਹੋਣਗੇ। ਨਾਲ ਹੀ ਸਰਸੀਣੀ ਤੋਂ ਆਲਮਗੀਰ ਤੱਕ 12.30 ਕਿਲੋਮੀਟਰ ਸੜਕ ਅਤੇ ਆਲਮਗੀਰ ਤੋਂ ਤੇਪਲਾ (ਘੱਗਰ) ਤੱਕ 3.85 ਕਿਲੋਮੀਟਰ ਸੜਕ ਦੀ ਉਸਾਰੀ ਵੀ ਕੀਤੀ ਜਾਵੇਗੀ, ਜਿਨ੍ਹਾਂ ‘ਤੇ ਕ੍ਰਮਵਾਰ 209.76 ਲੱਖ ਅਤੇ 142.20 ਲੱਖ ਰੁਪਏ ਦੀ ਲਾਗਤ ਆਵੇਗੀ।
ਵਿਧਾਇਕ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਅਤੇ ਇਨ੍ਹਾਂ ਸੜਕਾਂ ਦੇ ਨਿਰਮਾਣ ਨਾਲ ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਸਹੂਲਤ ਮਿਲੇਗੀ ਅਤੇ ਪਿੰਡਾਂ ਵਿਚਕਾਰ ਸੰਪਰਕ ਮਜ਼ਬੂਤ ਹੋਵੇਗਾ।
ਇਸ ਮੌਕੇ ਸੰਬੰਧਤ ਵਿਭਾਗਾਂ ਦੇ ਅਧਿਕਾਰੀ, ਸਥਾਨਕ ਪੰਚਾਇਤੀ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ।
Comments are closed.