ਮੁੱਖ ਮੰਤਰੀ ਸਿਹਤ ਯੋਜਨਾ ਦੇ ਰਜਿਸਟਰੇਸ਼ਨ ਕੇਂਦਰਾਂ ਦਾ ਜਾਇਜ਼ਾ ਲੈਣ ਪਹੁੰਚੇ ਵਿਧਾਇਕ ਕੁਲਵੰਤ ਸਿੰਘ
ਮੋਹਾਲੀ ਦੇ 11 ਕੇਂਦਰਾਂ ਦਾ ਦੌਰਾ, ਹਰ ਯੋਗ ਪਰਿਵਾਰ ਨੂੰ 10 ਲੱਖ ਤੱਕ ਮੁਫ਼ਤ ਇਲਾਜ ਦਾ ਲਾਭ ਮਿਲਣ ਦਾ ਦਾਅਵਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਫ਼ਰਵਰੀ (ਪੁਸ਼ਪਿੰਦਰ ਸਿੰਘ ਕੁਰਾਲੀ): ਵਿਧਾਨ ਸਭਾ ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਅੱਜ ਵੱਖ-ਵੱਖ ਰਜਿਸਟਰੇਸ਼ਨ ਕੇਂਦਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਜੁਝਾਰ ਨਗਰ, ਫੇਜ਼-6, ਮੋਹਾਲੀ ਪਿੰਡ, ਫੇਜ਼-1, ਫੇਜ਼-3ਬੀ2, ਫੇਜ਼-10, ਸੈਕਟਰ-66, ਬਾਕਰਪੁਰ, ਸਨੇਟਾ, ਸੈਕਟਰ-79 ਅਤੇ ਸੈਕਟਰ-77 ਵਿਖੇ ਚੱਲ ਰਹੇ ਕੁੱਲ 11 ਸੇਵਾ ਕੇਂਦਰਾਂ ਵਿੱਚ ਰਜਿਸਟਰੇਸ਼ਨ ਪ੍ਰਕਿਰਿਆ ਦੀ ਸਮੀਖਿਆ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕ ਭਲਾਈ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਵੀ ਉਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਹਰ ਯੋਗ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਰਜਿਸਟਰੇਸ਼ਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਤਾਂ ਜੋ ਲੋੜਵੰਦ ਪਰਿਵਾਰਾਂ ਦੇ ਕਾਰਡ ਜਲਦੀ ਤਿਆਰ ਹੋ ਸਕਣ ਅਤੇ ਉਹ ਸੂਚੀਬੱਧ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਦੀ ਸਹੂਲਤ ਲੈ ਸਕਣ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਅਤੇ ਪਾਰਟੀ ਵਰਕਰ ਵੀ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ ਤਾਂ ਜੋ ਕੋਈ ਵੀ ਪਰਿਵਾਰ ਇਸ ਸਕੀਮ ਤੋਂ ਵਾਂਝਾ ਨਾ ਰਹੇ।
ਵਿਧਾਇਕ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਚੱਲ ਰਹੇ ਮੁਹੱਲਾ ਕਲੀਨਿਕਾਂ ਵਿੱਚ ਹਰ ਰੋਜ਼ ਹਜ਼ਾਰਾਂ ਲੋਕ ਆਪਣੀ ਸਿਹਤ ਦੀ ਜਾਂਚ ਕਰਵਾ ਰਹੇ ਹਨ, ਜਿੱਥੇ ਮੁਫ਼ਤ ਦਵਾਈਆਂ ਅਤੇ ਲੋੜੀਂਦੇ ਟੈਸਟ ਵੀ ਪ੍ਰਦਾਨ ਕੀਤੇ ਜਾ ਰਹੇ ਹਨ।
ਮੋਹਾਲੀ ਦੇ ਵਿਕਾਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹਿਰ ਦਾ ਸਰਬਪੱਖੀ ਵਿਕਾਸ ਯੋਜਨਾਬੱਧ ਢੰਗ ਨਾਲ ਜਾਰੀ ਹੈ। ਟਰੈਫਿਕ ਸਮੱਸਿਆ ਨੂੰ ਘਟਾਉਣ ਲਈ ਇੰਡਸਟਰੀਅਲ ਏਰੀਏ ਨੂੰ ਜੋੜਨ ਵਾਲੀਆਂ ਲਿੰਕ ਸੜਕਾਂ ਬਣਾਈਆਂ ਜਾ ਰਹੀਆਂ ਹਨ ਅਤੇ ਨਵੇਂ ਚੌਂਕ ਵਿਕਸਿਤ ਕੀਤੇ ਜਾ ਰਹੇ ਹਨ।
ਇਸ ਮੌਕੇ ਸਾਬਕਾ ਕੌਂਸਲਰ ਆਰ.ਪੀ. ਸ਼ਰਮਾ, ਜਸਪਾਲ ਸਿੰਘ, ਡਾ. ਕੁਲਦੀਪ ਸਿੰਘ, ਅਕਵਿੰਦਰ ਸਿੰਘ ਗੋਸਲ, ਗੁਰਪ੍ਰੀਤ ਸਿੰਘ ਬਰਿਆਲੀ, ਅਵਤਾਰ ਸਿੰਘ ਮੌਲੀ ਬੈਦਵਾਣ, ਹਰਵਿੰਦਰ ਸਿੰਘ, ਸੁਖਵਿੰਦਰ ਸਿੰਘ ਗੋਗੀ, ਸ਼ਰਨਜੀਤ ਕੌਰ, ਇਕਬਾਲ ਸਿੰਘ (ਸਰਪੰਚ), ਪੰਕਜ ਹਾਂਡਾ, ਅਰੁਣ ਗੋਇਲ, ਐਡਵੋਕੇਟ ਜਸਵੀਰ ਸਿੰਘ ਸਮੇਤ ਕਈ ਹੋਰ ਆਗੂ ਅਤੇ ਪਤਵੰਤੇ ਹਾਜ਼ਰ ਸਨ।
Comments are closed.