ਨਵੋਦਿਆ ਵਿਦਿਆਲਿਆ ਰਕੌਲੀ ਵਿਖੇ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵੱਲੋਂ ਸਿਵਲ ਸਰਜਨ ਮੋਹਾਲੀ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ।

ਰੈਡ ਕਰਾਸ ਵੱਲੋਂ ਨਵੋਦਿਆ ਵਿਦਿਆਲਿਆ ਰਕੌਲੀ ਵਿੱਚ ਵੱਡਾ ਮੁਫ਼ਤ ਮੈਡੀਕਲ ਚੈਕਅੱਪ ਕੈਂਪ

ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) ,18 ਫਰਵਰੀ (ਪੁਸ਼ਪਿੰਦਰ ਸਿੰਘ ਕੁਰਾਲੀ)
ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸ਼ਾਖਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼੍ਰੀਮਤੀ ਕੋਮਲ ਮਿੱਤਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵਲੋਂ 16 ਅਤੇ 17 ਫਰਵਰੀ ਨੂੰ ਪੀ.ਐਮ.ਸ੍ਰੀ. ਨਵੋਦਿਆ ਵਿੱਦਿਆਲਿਆ, ਰਕੌਲੀ, ਐੱਸ.ਏ.ਐੱਸ.ਨਗਰ ਵਿਖੇ ਸਿਵਲ ਸਰਜਨ, ਮੋਹਾਲੀ ਦੇ ਸਹਿਯੋਗ ਨਾਲ ਜਰਨਲ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ।

ਇਸ ਕੈਂਪ ਦਾ ਉਦਘਾਟਨ ਸਹਾਇਕ ਕਮਿਸ਼ਨਰ-ਕਮ-ਅਵੇਤਨੀ ਸਕੱਤਰ ਡਾ. ਅੰਕਿਤਾ ਕਾਂਸਲ ਵਲੋਂ ਕੀਤਾ ਗਿਆ। ਇਸ ਕੈਂਪ ਵਿੱਚ ਪੀ.ਐਮ.ਸ੍ਰੀ. ਨਵੋਦਿਆ ਵਿੱਦਿਆਲਿਆ, ਰਕੌਲੀ, ਐਸ.ਏ.ਐਸ.ਨਗਰ ਸਕੂਲ ਦੇ 455 ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਜਰਨਲ ਮੈਡੀਕਲ, ਚਮੜੀ, ਅੱਖਾਂ, ਦੰਦਾਂ, ਗਾਇਨੀ ਆਦਿ ਦਾ ਚੈੱਕ ਅੱਪ ਕੀਤਾ ਗਿਆ। ਇਸ ਮੌਕੇ ਸਕੱਤਰ ਰੈਡ ਕਰਾਸ ਸ੍ਰੀ ਹਰਬੰਸ ਸਿੰੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਗਰੀਬ ਅਤੇ ਲੋੜਵੰਦ ਵਿਅਕਤੀਆਂ ਦੀ ਮੱਦਦ ਕਰਨ ਤੋਂ ਇਲਾਵਾ ਲੋਕ ਭਲਾਈ ਕਾਰਜਾਂ ਲਈ ਹਮੇਸ਼ਾਂ ਤੱਤਪਰ ਰਹਿੰਦੀ ਹੈ।

ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਹ ਸਭ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਸ਼੍ਰੀਮਤੀ ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ-ਕਮ-ਸੀਨੀਅਰ ਮੀਤ ਪ੍ਰਧਾਨ ਸ਼੍ਰੀਮਤੀ ਗੀਤਿਕਾ ਸਿੰਘ ਅਤੇ ਸਹਾਇਕ ਕਮਿਸ਼ਨਰ-ਕਮ-ਅਵੇਤਨੀ ਸਕੱਤਰ ਸ਼੍ਰੀਮਤੀ ਅੰਕਿਤਾ ਕਾਂਸਲ ਦੇ ਆਦੇਸ਼ਾਂ ਨਾਲ ਹੀ ਸੰਭਵ ਹੋ ਸਕਿਆ ਹੈ। ਸਕੱਤਰ ਰੈਡ ਕਰਾਸ ਵੱਲੋਂ ਗੱਲਬਾਤ ਕਰਦਿਆ ਇਹ ਵੀ ਦੱਸਿਆ ਗਿਆ ਕਿ ਇਸ ਕੈਂਪ ਦੌਰਾਨ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਜਨਰਲ ਮੈਡੀਕਲ ਚੈੱਕ ਅੱਪ ਕਰਕੇ ਮੁਫਤ ਦਵਾਈਆਂ ਵੀ ਦਿੱਤੀਆ ਗਈਆਂ।

ਇਹ ਕੈਂਪ ਸਿਵਲ ਸਰਜਨ, ਐਸ.ਏ.ਐਸ.ਨਗਰ ਦੇ ਡਾਕਟਰਾਂ ਦੀ ਟੀਮ, ਜਿਸ ਵਿੱਚ ਡਾ. ਮਨੁਜ ਸ਼ਰਮਾ, ਡਾ. ਮਨਦੀਪ ਕੌਰ, ਡਾ. ਵਿਕਾਸ, ਡਾ. ਹਰਪ੍ਰੀਤ ਸਿੰਘ, ਡਾ. ਰੋਹਿਨਾ ਸਮੇਤ ਸਟਾਫ ਟੀਮ ਸ਼ਾਮਲ ਸਨ, ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਰੈਡ ਕਰਾਸ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਟੀਮ ਵੀ ਸ਼ਾਮਿਲ ਸੀ। ਅੰਤ ਵਿੱਚ ਸ੍ਰੀਮਤੀ ਦੀਪਤੀ ਭਟਨਾਗਰ, ਮੁੱਖ ਅਧਿਆਪਕਾ ਸਮੇਤ ਸਟਾਫ ਵਲੋਂ ਸਾਰਿਆ ਦਾ ਧੰਨਵਾਦ ਕੀਤਾ ਗਿਆ।

Comments are closed.