ਪਟਿਆਲਾ ਦੇ ਪਿੰਡ ਰੌਂਗਲਾ ਵਿੱਚ 55 ਸਾਲਾ ਬਜ਼ੁਰਗ ਮਹਿਲਾ ਦਾ ਕਤਲ, ਪਰਿਵਾਰ ਵੱਲੋਂ ਸਰਪੰਚ ’ਤੇ ਗੰਭੀਰ ਦੋਸ਼
ਰਾੜਾਂ ਅਤੇ ਕਿਰਚਾਂ ਨਾਲ ਕੀਤਾ ਗਿਆ ਬੇਰਹਿਮ ਹਮਲਾ
ਰਿਪੋਰਟ: (19 ਫਰਵਰੀ) ਸੁਸ਼ੀਲ ਕੁਮਾਰ,
ਪਟਿਆਲਾ ਦੇ ਪਿੰਡ ਰੌਂਗਲਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ 55 ਸਾਲਾ ਬਜ਼ੁਰਗ ਮਹਿਲਾ ਬਲਜੀਤ ਕੌਰ ਦਾ ਕਥਿਤ ਤੌਰ ’ਤੇ ਰਾੜਾਂ ਅਤੇ ਕਿਰਚਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਸਰਪੰਚ ਅਤੇ ਉਸਦੇ ਇੱਕ ਸਾਥੀ ’ਤੇ ਕਤਲ ਦੇ ਗੰਭੀਰ ਦੋਸ਼ ਲਗਾਏ ਹਨ। ਪਰਿਵਾਰ ਦੇ ਅਨੁਸਾਰ, ਸਰਪੰਚ ਵੱਲੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਦੋਹਤੇ ਨੂੰ ਇੱਕ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਪੁਲਿਸ ਨੂੰ ਢਾਈ ਲੱਖ ਰੁਪਏ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਸੀ। ਜਦੋਂ ਪਰਿਵਾਰ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਇਸ ਗੱਲ ਨੂੰ ਲੈ ਕੇ ਝਗੜਾ ਵੀ ਹੋਇਆ ਸੀ ਅਤੇ ਬਾਅਦ ਵਿੱਚ ਰਾਜ਼ੀਨਾਮਾ ਵੀ ਹੋ ਗਿਆ ਸੀ, ਪਰ ਸਰਪੰਚ ਉਨ੍ਹਾਂ ਨਾਲ ਰੰਜਿਸ਼ ਰੱਖਦਾ ਸੀ।
ਪਰਿਵਾਰ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਬਲਜੀਤ ਕੌਰ ਆਪਣੇ ਖੇਤਾਂ ਦੇ ਕੋਲ ਪਾਥੀਆਂ ਪੱਥ ਰਹੀ ਸੀ, ਤਾਂ ਇਸ ਦੌਰਾਨ ਸਰਪੰਚ ਅਤੇ ਉਸਦਾ ਸਾਥੀ ਉੱਥੇ ਆਏ ਅਤੇ ਪਹਿਲਾਂ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਰਾੜਾਂ ਨਾਲ ਉਸ ਦੀਆਂ ਲੱਤਾਂ ਤੋੜ ਦਿੱਤੀਆਂ ਅਤੇ ਫਿਰ ਕਿਰਚਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਹਮਲੇ ਤੋਂ ਬਾਅਦ ਦੋਵੇਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਜ਼ਖਮੀ ਹਾਲਤ ਵਿੱਚ ਬਲਜੀਤ ਕੌਰ ਨੂੰ ਤੁਰੰਤ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਉਹ ਸਵੇਰੇ ਤੋਂ ਹੀ ਪੁਲਿਸ ਨੂੰ ਇਸ ਘਟਨਾ ਬਾਰੇ ਜਾਣਕਾਰੀ ਦੇ ਰਹੇ ਸਨ, ਪਰ ਕਾਫ਼ੀ ਦੇਰ ਤੱਕ ਕੋਈ ਵੀ ਪੁਲਿਸ ਮੁਲਾਜ਼ਮ ਮੌਕੇ ’ਤੇ ਨਹੀਂ ਪਹੁੰਚਿਆ। ਗੁੱਸੇ ਵਿੱਚ ਪਰਿਵਾਰਕ ਮੈਂਬਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਪੰਚ ਖਿਲਾਫ਼ ਕਤਲ ਦਾ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਉਹ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦੇਣਗੇ ਅਤੇ ਮ੍ਰਿਤਕ ਦੇਹ ਨਾਲ ਸੜਕ ਜਾਮ ਕਰਨ ਲਈ ਮਜਬੂਰ ਹੋਣਗੇ।
ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ। ਦੱਸਿਆ ਜਾ ਰਿਹਾ ਹੈ ਕਿ ਪਿੰਡ ਰੌਂਗਲਾ ਦਾ ਸਰਪੰਚ ਇੱਕ ਰਾਜਨੀਤਿਕ ਪਾਰਟੀ ਨਾਲ ਸੰਬੰਧਿਤ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Watch our YouTube video
Comments are closed.