ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਵੱਲੋਂ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਅਤੀ ਆਧੁਨਿਕ ਸਹੂਲਤਾਂ ਨਾਲ ਲੈਸ 256 ਬੈਡਾਂ ਦੇ ਟਰੋਮਾ ਸੈਂਟਰ ਦਾ ਨੀਹ ਪੱਥਰ ਰੱਖਿਆ ਗਿਆ।
ਪਟਿਆਲਾ ਦੇ ਰਜਿੰਦਰਾ ਹਸਪਤਾਲ ’ਚ 82 ਕਰੋੜ ਦੇ ਟਰੋਮਾ ਸੈਂਟਰ ਦਾ ਨੀਹ ਪੱਥਰ, ਮਰੀਜ਼ਾਂ ਲਈ ਯੂਜ਼ਰ ਚਾਰਜ ਖਤਮ
ਪਟਿਆਲਾ, (ਸੁਸ਼ੀਲ ਸਿੰਧੀ): ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਵੱਲੋਂ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਅਤੀ ਆਧੁਨਿਕ ਸਹੂਲਤਾਂ ਨਾਲ ਲੈਸ 256 ਬੈਡਾਂ ਦੇ ਟਰੋਮਾ ਸੈਂਟਰ ਦਾ ਨੀਹ ਪੱਥਰ ਰੱਖਿਆ ਗਿਆ। ਇਹ ਟਰੋਮਾ ਸੈਂਟਰ ਲਗਭਗ 82 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ ਅਤੇ ਇਸ ਨੂੰ ਤਕਰੀਬਨ ਡੇਢ ਸਾਲ ਵਿੱਚ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਇਸ ਟਰੋਮਾ ਸੈਂਟਰ ਦੇ ਬਣਨ ਨਾਲ ਪਟਿਆਲਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਮਰੀਜ਼ਾਂ ਨੂੰ ਐਮਰਜੈਂਸੀ ਇਲਾਜ ਲਈ ਹੁਣ ਚੰਡੀਗੜ੍ਹ ਜਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ। ਇਸ ਨਾਲ ਗੰਭੀਰ ਹਾਦਸਿਆਂ ਅਤੇ ਐਮਰਜੈਂਸੀ ਮਾਮਲਿਆਂ ਵਿੱਚ ਤੁਰੰਤ ਅਤੇ ਵਧੀਆ ਇਲਾਜ ਮੁਹੱਈਆ ਹੋਵੇਗਾ।
ਇਸ ਦੇ ਨਾਲ ਹੀ ਡਾ. ਬਲਵੀਰ ਸਿੰਘ ਵੱਲੋਂ ਰੈਜੀਡੈਂਟ ਡਾਕਟਰਾਂ ਦੀ ਰਹਾਇਸ਼ ਅਤੇ ਸਹੂਲਤਾਂ ਲਈ 15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਬਿਲਡਿੰਗ ਦਾ ਵੀ ਨੀਹ ਪੱਥਰ ਰੱਖਿਆ ਗਿਆ, ਜਿਸ ਨਾਲ ਡਾਕਟਰਾਂ ਨੂੰ ਵਧੀਆ ਰਹਿਣ ਦੀ ਸਹੂਲਤ ਮਿਲੇਗੀ ਅਤੇ ਸਿਹਤ ਸੇਵਾਵਾਂ ਹੋਰ ਮਜ਼ਬੂਤ ਹੋਣਗੀਆਂ।
ਸਿਹਤ ਮੰਤਰੀ ਨੇ ਇੱਕ ਵੱਡਾ ਐਲਾਨ ਕਰਦੇ ਹੋਏ ਦੱਸਿਆ ਕਿ ਹੁਣ ਤੋਂ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਮਰੀਜ਼ਾਂ ਦਾ ਬਿੱਲ ਜ਼ੀਰੋ ਆਵੇਗਾ ਅਤੇ ਕਿਸੇ ਵੀ ਮਰੀਜ਼ ਤੋਂ ਕਿਸੇ ਤਰ੍ਹਾਂ ਦੇ ਯੂਜ਼ਰ ਚਾਰਜ ਨਹੀਂ ਲਏ ਜਾਣਗੇ। ਪਹਿਲਾਂ ਮਰੀਜ਼ਾਂ ਨੂੰ ਛੁੱਟੀ ਦੇ ਸਮੇਂ ਯੂਜ਼ਰ ਚਾਰਜ ਦੇਣੇ ਪੈਂਦੇ ਸਨ, ਪਰ ਹੁਣ ਇਹ ਖਰਚੇ ਪੂਰੀ ਤਰ੍ਹਾਂ ਖਤਮ ਕਰ ਦਿੱਤੇ ਗਏ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕੋਈ ਮਰੀਜ਼ ਐਮਰਜੈਂਸੀ ਵਿੱਚ ਬਿਨਾਂ ਸਿਹਤ ਕਾਰਡ ਦੇ ਹਸਪਤਾਲ ਪਹੁੰਚਦਾ ਹੈ ਤਾਂ ਉਹ ਆਪਣੇ ਨਾਲ ਸਿਰਫ ਆਧਾਰ ਕਾਰਡ ਜਾਂ ਵੋਟਰ ਆਈਡੀ ਲੈ ਕੇ ਆਵੇ। ਹਸਪਤਾਲ ਵਿੱਚ ਮੌਕੇ ’ਤੇ ਹੀ ਉਸਦਾ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਕਾਰਡ ਬਣਾਇਆ ਜਾਵੇਗਾ, ਤਾਂ ਜੋ ਕਿਸੇ ਵੀ ਮਰੀਜ਼ ਨੂੰ ਇਲਾਜ ਤੋਂ ਵਾਂਝਾ ਨਾ ਰਹਿਣਾ ਪਵੇ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਅਤੇ ਮੁਫ਼ਤ ਸਿਹਤ ਸੇਵਾਵਾਂ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਰਜਿੰਦਰਾ ਹਸਪਤਾਲ ਦਾ ਇਹ ਟਰੋਮਾ ਸੈਂਟਰ ਸਿਹਤ ਖੇਤਰ ਵਿੱਚ ਇੱਕ ਵੱਡਾ ਮੀਲ ਪੱਥਰ ਸਾਬਤ ਹੋਵੇਗਾ।
Watch our YouTube video
Comments are closed.