ਸ਼ਿਵ ਮੰਦਰ ਨਲਾਸ ਵਿਖੇ ਸ਼ਿਵਰਾਤਰੀ ਮੌਕੇ ਪੰਜ ਦਿਨਾਂ ਭਰਿਆ ਮੇਲਾ, ਹਜ਼ਾਰਾਂ ਸ਼ਰਧਾਲੂ ਨਤਮਸਤਕ

550 ਸਾਲ ਪੁਰਾਣਾ ਪ੍ਰਾਚੀਨ ਮੰਦਰ, ਹਜ਼ਾਰਾਂ ਸ਼ਰਧਾਲੂ ਪਹੁੰਚੇ 75 ਫੁੱਟ ਉੱਚੀ ਭਗਵਾਨ ਸ਼ਿਵ ਜੀ ਦੀ ਮੂਰਤੀ ਖਾਸ ਆਕਰਸ਼ਣ

ਰਾਜਪੁਰਾ, 14 ਫਰਵਰੀ 2026 | ਰਿਪੋਰਟ: ਸੁਸ਼ੀਲ ਕੁਮਾਰ

ਰਾਜਪੁਰਾ ਤੋਂ ਕਰੀਬ 7 ਕਿਲੋਮੀਟਰ ਦੂਰ ਪਿੰਡ ਨਲਾਸ ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਲਗਭਗ 550 ਸਾਲ ਪੁਰਾਣੇ ਇਸ ਪ੍ਰਾਚੀਨ ਮੰਦਰ ਵਿੱਚ 14 ਫਰਵਰੀ ਤੋਂ 18 ਫਰਵਰੀ ਤੱਕ ਪੰਜ ਦਿਨਾਂ ਤੱਕ ਲਗਾਤਾਰ ਧਾਰਮਿਕ ਸਮਾਗਮ ਅਤੇ ਮੇਲਾ ਲੱਗ ਰਿਹਾ ਹੈ, ਜਿਸ ਵਿੱਚ ਪੰਜਾਬ, ਹਰਿਆਣਾ ਅਤੇ ਹਿਮਾਚਲ ਸਮੇਤ ਵੱਖ-ਵੱਖ ਸੂਬਿਆਂ ਤੋਂ ਹਜ਼ਾਰਾਂ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚ ਰਹੇ ਹਨ।

ਸ਼ਰਧਾਲੂ ਲੰਬੀਆਂ ਕਤਾਰਾਂ ਵਿੱਚ ਖੜ੍ਹ ਕੇ ਸ਼ਿਵਲਿੰਗ ’ਤੇ ਜਲ ਅਰਪਣ ਕਰ ਰਹੇ ਹਨ ਅਤੇ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਅਰਦਾਸ ਕਰ ਰਹੇ ਹਨ। ਕਈ ਸ਼ਰਧਾਲੂ ਮਨੋਕਾਮਨਾ ਪੂਰੀ ਹੋਣ ’ਤੇ ਗੁੜ ਦੀ ਭੇਲੀ ਅਤੇ ਦੁੱਧ ਵੀ ਚੜ੍ਹਾਉਂਦੇ ਹਨ। ਮੰਦਰ ਪ੍ਰੰਗਣ ਵਿੱਚ ਸਥਾਪਿਤ 75 ਫੁੱਟ ਉੱਚੀ ਭਗਵਾਨ ਸ਼ਿਵ ਜੀ ਦੀ ਵਿਸ਼ਾਲ ਮੂਰਤੀ ਸ਼ਰਧਾਲੂਆਂ ਲਈ ਖਾਸ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ।

ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਲੂਆਂ ਲਈ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਗਏ ਹਨ। ਦਿਨ-ਰਾਤ ਲੰਗਰ ਦੀ ਸੇਵਾ ਚੱਲ ਰਹੀ ਹੈ, ਜਿਸ ਵਿੱਚ ਮਟਰ ਪਨੀਰ, ਰੋਟੀ ਅਤੇ ਹੋਰ ਪ੍ਰਸਾਦ ਸ਼ਰਧਾਲੂਆਂ ਨੂੰ ਪਰੋਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਦੁਕਾਨਾਂ ਵੀ ਸਜਾਈਆਂ ਗਈਆਂ ਹਨ, ਜਿੱਥੇ ਲੋਕ ਧਾਰਮਿਕ ਸਮਾਨ ਅਤੇ ਹੋਰ ਚੀਜ਼ਾਂ ਦੀ ਖਰੀਦਦਾਰੀ ਕਰ ਰਹੇ ਹਨ।

ਮੰਦਰ ਦੇ ਮਹੰਤ ਸ਼੍ਰੀ ਲਾਲ ਗਿਰੀ ਮਹਾਰਾਜ ਜੀ ਨੇ ਦੱਸਿਆ ਕਿ ਇਸ ਪਵਿੱਤਰ ਧਾਮ ’ਤੇ ਸਦੀ ਤੋਂ ਵੱਧ ਸਮੇਂ ਤੋਂ ਮਹੰਤਾਂ ਵੱਲੋਂ ਤਪੱਸਿਆ ਅਤੇ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਕਰੀਬ 40 ਸਾਲਾਂ ਤੋਂ ਇੱਥੇ ਸੇਵਾ ਕਰ ਰਹੇ ਹਨ ਅਤੇ ਆਪਣੀ ਜ਼ਿੰਦਗੀ ਧਾਰਮਿਕ ਸੇਵਾ ਨੂੰ ਸਮਰਪਿਤ ਕਰ ਚੁੱਕੇ ਹਨ।

ਸ਼ਰਧਾਲੂ ਗੁਰਦੀਪ ਸਿੰਘ (ਪਟਿਆਲਾ) ਅਤੇ ਬਲਵਿੰਦਰ ਕੌਰ ਨੇ ਦੱਸਿਆ ਕਿ ਉਹ ਪਿਛਲੇ 12-13 ਸਾਲਾਂ ਤੋਂ ਲਗਾਤਾਰ ਇੱਥੇ ਆ ਰਹੇ ਹਨ ਅਤੇ ਭਗਵਾਨ ਸ਼ਿਵ ਜੀ ਦੀ ਕਿਰਪਾ ਨਾਲ ਉਨ੍ਹਾਂ ਦੀਆਂ ਕਈ ਮਨੋਕਾਮਨਾਵਾਂ ਪੂਰੀਆਂ ਹੋਈਆਂ ਹਨ।

Watch our video Facebook

Watch our YouTube video

Comments are closed.