ਟੈਲੀ-ਮਾਨਸ ਹੈਲਪਲਾਈਨ ਬਣੀ ਮਾਨਸਿਕ ਰੋਗੀਆਂ ਲਈ ਵੱਡਾ ਸਹਾਰਾ

ਨਸ਼ਾਖ਼ੋਰੀ, ਡਿਪਰੈਸ਼ਨ, ਚਿੰਤਾ ਤੇ ਪਰਿਵਾਰਕ ਸਮੱਸਿਆਵਾਂ ਲਈ ਘਰ ਬੈਠੇ ਮੁਫ਼ਤ ਡਾਕਟਰੀ ਸਲਾਹ • ਟੋਲ ਫਰੀ ਨੰਬਰ 14416 ਅਤੇ 1800-89-14416

ਸਾਹਿਬਜ਼ਾਦਾ ਅਜੀਤ ਸਿੰਘ ਨਗਰ | 24 ਫਰਵਰੀ (ਪੁਸ਼ਪਿੰਦਰ ਸਿੰਘ, ਕੁਰਾਲੀ)

ਮਾਨਸਿਕ ਰੋਗਾਂ ਨਾਲ ਜੂਝ ਰਹੇ ਲੋਕਾਂ ਲਈ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਟੈਲੀ-ਮਾਨਸ ਹੈਲਪਲਾਈਨ ਵੱਡਾ ਸਹਾਰਾ ਬਣ ਰਹੀ ਹੈ। ਹੁਣ ਮਰੀਜ਼ ਘਰ ਬੈਠੇ ਹੀ ਫੋਨ ਰਾਹੀਂ ਡਾਕਟਰਾਂ ਅਤੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰ ਸਕਦੇ ਹਨ।

ਇਹ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਸਰਕਾਰ ਵੱਲੋਂ ਟੋਲ-ਫਰੀ ਨੰਬਰ 14416 ਅਤੇ 1800-89-14416 ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਰਾਹੀਂ ਟੈਲੀ-ਮਾਨਸ ਸੇਵਾਵਾਂ ਮੁਫ਼ਤ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਾਨਸਿਕ ਸਮੱਸਿਆਵਾਂ ਨੂੰ ਲੁਕਾਉਣ ਦੀ ਬਜਾਏ ਇਸ ਸੇਵਾ ਦਾ ਲਾਭ ਲਿਆ ਜਾਵੇ।

ਉਨ੍ਹਾਂ ਦੱਸਿਆ ਕਿ ਇਸ ਹੈਲਪਲਾਈਨ ਰਾਹੀਂ ਮਾਨਸਿਕ ਰੋਗ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਚਿੰਤਾ, ਪ੍ਰੀਖਿਆ ਤਣਾਅ, ਡਿਪਰੈਸ਼ਨ, ਇਕੱਲਤਾ, ਵਿੱਤੀ ਦਬਾਅ, ਸੰਕਟ ਪ੍ਰਬੰਧਨ ਅਤੇ ਪਰਿਵਾਰਕ ਮੁੱਦਿਆਂ ਬਾਰੇ ਵਿਸ਼ੇਸ਼ਗਿਆਨ ਦੀ ਸਲਾਹ ਮਿਲਦੀ ਹੈ। ਲੋੜ ਪੈਣ ‘ਤੇ ਵੀਡੀਓ ਕਾਲ ਰਾਹੀਂ ਇਲਾਜ ਅਤੇ ਦਵਾਈ ਬਾਰੇ ਜਾਣਕਾਰੀ ਵੀ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਮਰੀਜ਼ਾਂ ਨੂੰ ਵਿਅਕਤੀਗਤ ਸੇਵਾਵਾਂ ਨਾਲ ਵੀ ਜੋੜਿਆ ਜਾਂਦਾ ਹੈ।

ਡਾ. ਜੈਨ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ 10 ਅਕਤੂਬਰ 2022 ਨੂੰ ਮਾਨਸਿਕ ਸਿਹਤ ਜਾਗਰੂਕਤਾ ਵਧਾਉਣ ਲਈ ਟੈਲੀ-ਮਾਨਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਸੇਵਾ ਦੇਸ਼ ਭਰ ਵਿੱਚ ਮੁਫ਼ਤ ਮਾਨਸਿਕ ਸਿਹਤ ਸਲਾਹ ਪ੍ਰਦਾਨ ਕਰਦੀ ਹੈ ਅਤੇ ਮਰੀਜ਼ ਮਨੋਚਿਕਿਤਸਕਾਂ, ਮਨੋਵਿਗਿਆਨੀਆਂ, ਕੌਂਸਲਰਾਂ ਅਤੇ ਸਮਾਜ ਸੇਵਕਾਂ ਨਾਲ ਜੁੜ ਸਕਦੇ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਸੇਵਾ 20 ਤੋਂ ਵੱਧ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਆਨਲਾਈਨ ਅਪਾਇੰਟਮੈਂਟ ਵੀ ਬੁੱਕ ਕਰਵਾਈ ਜਾ ਸਕਦੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਾਲ ਕਰਨ ਵਾਲੇ ਦੀ ਪਛਾਣ ਅਤੇ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ, ਜਿਸ ਨਾਲ ਲੋਕ ਬਿਨਾਂ ਡਰ ਜਾਂ ਝਿਜਕ ਆਪਣੀ ਸਮੱਸਿਆ ਸਾਂਝੀ ਕਰ ਸਕਦੇ ਹਨ।

ਇਹ ਸੇਵਾ ਖਾਸ ਕਰਕੇ ਪਿੰਡਾਂ ਅਤੇ ਦੂਰ-ਦਰਾਜ਼ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਲਈ ਬਹੁਤ ਲਾਭਦਾਇਕ ਸਾਬਤ ਹੋ ਰਹੀ ਹੈ। ਨੌਜਵਾਨਾਂ, ਵਿਦਿਆਰਥੀਆਂ, ਕੰਮਕਾਜੀ ਵਰਗ, ਮਹਿਲਾਵਾਂ ਅਤੇ ਬਜ਼ੁਰਗਾਂ ਲਈ ਟੈਲੀ-ਮਾਨਸ ਇੱਕ ਸੁਰੱਖਿਅਤ ਮਾਨਸਿਕ ਸਹਾਇਤਾ ਪ੍ਰਣਾਲੀ ਵਜੋਂ ਉਭਰ ਰਹੀ ਹੈ।

Comments are closed.