ਪਿੰਡ ਖਿਜਰਾਬਾਦ ਵਿਖੇ ਸਾਲਾਨਾ ਹੋਲਾ ਮਹੱਲਾ 24 ਤੋਂ 26 ਫਰਵਰੀ ਤੱਕ ਸ਼ਰਧਾ ਨਾਲ ਮਨਾਇਆ ਜਾਵੇਗਾ

ਅਖੰਡ ਪਾਠ, ਨਗਰ ਕੀਰਤਨ, ਕਥਾ-ਕੀਰਤਨ ਅਤੇ ਦਸਤਾਰ ਮੁਕਾਬਲਿਆਂ ਨਾਲ ਤਿੰਨ ਦਿਨਾਂ ਧਾਰਮਿਕ ਸਮਾਗਮ

ਮੁਹਾਲੀ, 22 ਫਰਵਰੀ (ਪੁਸ਼ਪਿੰਦਰ ਸਿੰਘ ਕੁਰਾਲੀ):
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਖਿਜਰਾਬਾਦ ਵਿਖੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਜੋਰਾਵਰ ਸਿੰਘ ਜੀ ਵਿੱਚ ਸਾਲਾਨਾ ਹੋਲਾ ਮਹੱਲਾ 24, 25 ਅਤੇ 26 ਫਰਵਰੀ ਨੂੰ ਭਾਵਭੀਨੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਸੁਖਵਿੰਦਰ ਸਿੰਘ ਜੀ ਨੇ ਦੱਸਿਆ ਕਿ ਤਿੰਨ ਰੋਜ਼ਾ ਸਮਾਗਮ ਦੀ ਸ਼ੁਰੂਆਤ 24 ਫਰਵਰੀ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਨਾਲ ਹੋਵੇਗੀ। ਇਸ ਤੋਂ ਬਾਅਦ ਦੁਪਹਿਰ 12 ਵਜੇ ਪਿੰਡ ਦੀਆਂ ਗਲੀਆਂ ਵਿੱਚ ਪਾਵਨ ਨਗਰ ਕੀਰਤਨ ਸਜਾਇਆ ਜਾਵੇਗਾ।

25 ਫਰਵਰੀ ਨੂੰ ਸ਼ਾਮ 8 ਤੋਂ 9 ਵਜੇ ਤੱਕ ਪੰਥ ਦੇ ਪ੍ਰਸਿੱਧ ਵਿਦਵਾਨ ਗਿਆਨੀ ਸਰਬਜੀਤ ਸਿੰਘ (ਲੁਧਿਆਣਾ) ਵੱਲੋਂ ਗੁਰਮਤਿ ਕਥਾ ਕੀਤੀ ਜਾਵੇਗੀ। ਸਮਾਗਮ ਦੇ ਤੀਸਰੇ ਦਿਨ 26 ਫਰਵਰੀ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।

ਇਸ ਮੌਕੇ ਵੱਖ-ਵੱਖ ਪ੍ਰਸਿੱਧ ਰਾਗੀ, ਢਾਡੀ ਅਤੇ ਕਵੀਸ਼ਰ ਜਥੇ — ਬੀਬੀ ਜਸਵੀਰ ਕੌਰ ਜੱਸ ਇੰਟਰਨੈਸ਼ਨਲ ਢਾਡੀ ਜਥਾ, ਭਾਈ ਹਰਜੀਤ ਸਿੰਘ ਐਮ.ਏ. ਸੁਡਵਾਂ ਵਾਲੇ, ਗਿਆਨੀ ਗੁਰਭੇਜ ਸਿੰਘ ਚਵਿੰਡਾ, ਗਿਆਨੀ ਸਤਨਾਮ ਸਿੰਘ ਬੁੱਲੋਵਾਲੀਆ, ਭਾਈ ਮਲਕੀਤ ਸਿੰਘ ਬੀ.ਏ., ਗਿਆਨੀ ਸਰੂਪ ਸਿੰਘ ਕੰਡਿਆਣਾ ਸਮੇਤ ਹੋਰ ਜਥੇ — ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਣਗੇ।

ਸਮਾਗਮਾਂ ਦੌਰਾਨ ਭਾਈ ਮਨਦੀਪ ਸਿੰਘ (ਵਾਈਸ ਚੇਅਰਮੈਨ) ਅਤੇ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਸਟੇਜ ਸਕੱਤਰ ਵਜੋਂ ਸੇਵਾ ਨਿਭਾਉਣਗੇ। ਇਸ ਤੋਂ ਇਲਾਵਾ 22 ਫਰਵਰੀ ਨੂੰ ਦਸਤਾਰ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ 25 ਫਰਵਰੀ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਪ੍ਰਤੀਨਿਧੀ ਹਾਜ਼ਰੀ ਭਰਨਗੇ।

ਮੁੱਖ ਸੇਵਾਦਾਰ ਨੇ ਦੱਸਿਆ ਕਿ ਇਸ ਪਾਵਨ ਅਸਥਾਨ ‘ਤੇ ਦਸਵੀਂ, ਸੰਗਰਾਂਦ ਅਤੇ ਗੁਰੂ ਸਾਹਿਬਾਨ ਦੇ ਗੁਰਪੁਰਬ ਵੀ ਹਰ ਸਾਲ ਬੜੀ ਸ਼ਰਧਾ ਨਾਲ ਮਨਾਏ ਜਾਂਦੇ ਹਨ ਅਤੇ ਇਸ ਵੇਲੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਕਾਰ ਸੇਵਾ ਵੀ ਜਾਰੀ ਹੈ। ਆਉਣ ਵਾਲੀ ਸੰਗਤ ਲਈ ਗੁਰੂ ਕੇ ਅਤੁਟ ਲੰਗਰ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ।

ਉਨ੍ਹਾਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਸ ਮੌਕੇ ਹਰਜਿੰਦਰ ਸਿੰਘ ਧਾਮੀ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦੇ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

Comments are closed.