ਸੀ.ਆਈ.ਏ. ਸਟਾਫ ਦੀ ਵੱਡੀ ਕਾਰਵਾਈ, ਨਜਾਇਜ਼ .32 ਬੋਰ ਪਿਸਤੌਲ ਤੇ 5 ਜਿੰਦਾ ਰੌਂਦ ਸਮੇਤ ਇੱਕ ਦੋਸ਼ੀ ਕਾਬੂ

ਖਰੜ ਨੇੜੇ ਨਾਕਾਬੰਦੀ ਦੌਰਾਨ ਸਕੋਡਾ ਕਾਰ ਵਿੱਚ ਸਵਾਰ ਦਲਵੀਰ ਸਿੰਘ ਉਰਫ ਕਾਕਾ ਗ੍ਰਿਫਤਾਰ, ਪੁਲਿਸ ਵੱਲੋਂ ਹੋਰ ਸਾਥੀਆਂ ਦੀ ਭਾਲ ਜਾਰੀ

ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 6 ਮਾਰਚ (ਪੁਸ਼ਪਿੰਦਰ ਸਿੰਘ ਕੁਰਾਲੀ) : ਐੱਸ.ਐੱਸ.ਪੀ. ਸ਼੍ਰੀ ਹਰਮਨਦੀਪ ਸਿੰਘ ਹਾਂਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਸ਼੍ਰੀ ਸੌਰਵ ਜਿੰਦਲ, ਕਪਤਾਨ ਪੁਲਿਸ (ਜਾਂਚ), ਸ਼੍ਰੀ ਤਲਵਿੰਦਰ ਸਿੰਘ, ਕਪਤਾਨ ਪੁਲਿਸ (ਆਪਰੇਸ਼ਨ) ਅਤੇ ਸ਼੍ਰੀ ਰਾਜਨ ਪਰਮਿੰਦਰ ਸਿੰਘ, ਉੱਪ ਕਪਤਾਨ ਪੁਲਿਸ (ਜਾਂਚ) ਦੀ ਨਿਗਰਾਨੀ ਹੇਠ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਸੀ.ਆਈ.ਏ. ਸਟਾਫ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਨਜਾਇਜ਼ .32 ਬੋਰ ਪਿਸਤੌਲ ਅਤੇ 05 ਜਿੰਦਾ ਰੌਂਦ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮਿਤੀ 05 ਮਾਰਚ 2026 ਨੂੰ ਸੀ.ਆਈ.ਏ. ਦੀ ਟੀਮ ਖਰੜ–ਲੁਧਿਆਣਾ ਰੋਡ ਨੇੜੇ ਪਿੰਡ ਘੜੂੰਆਂ ਵਿਖੇ ਮੌਜੂਦ ਸੀ। ਇਸ ਦੌਰਾਨ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਦਲਵੀਰ ਸਿੰਘ ਉਰਫ ਕਾਕਾ ਪੁੱਤਰ ਗੁਰਪਾਲ ਸਿੰਘ ਵਾਸੀ ਪਿੰਡ ਤਾਜਪੁਰਾ, ਜ਼ਿਲ੍ਹਾ ਰੋਪੜ ਆਪਣੇ ਪਾਸ ਨਜਾਇਜ਼ ਹਥਿਆਰ ਰੱਖਦਾ ਹੈ ਅਤੇ ਗੱਡੀ ਨੰਬਰ PB-65-S-1112 ਮਾਰਕਾ ਸਕੋਡਾ ਰੈਪਿਡ (ਚਿੱਟਾ ਰੰਗ) ਵਿੱਚ ਸਵਾਰ ਹੋ ਕੇ ਮੋਰਿੰਡਾ ਵੱਲੋਂ ਖਰੜ ਵੱਲ ਆਵੇਗਾ।

ਸੂਚਨਾ ਦੇ ਆਧਾਰ ‘ਤੇ ਪੁਲਿਸ ਵੱਲੋਂ ਤੁਰੰਤ ਨਾਕਾਬੰਦੀ ਕੀਤੀ ਗਈ। ਨਾਕਾਬੰਦੀ ਦੌਰਾਨ ਉਕਤ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਗਈ, ਜਿਸ ਦੌਰਾਨ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ। ਤਲਾਸ਼ੀ ਦੌਰਾਨ ਉਸ ਪਾਸੋਂ ਇੱਕ ਨਜਾਇਜ਼ .32 ਬੋਰ ਪਿਸਤੌਲ ਅਤੇ 05 ਜਿੰਦਾ ਕਾਰਤੂਸ ਬਰਾਮਦ ਹੋਏ।
ਇਸ ਸਬੰਧੀ ਮੁਕੱਦਮਾ ਨੰਬਰ 81 ਮਿਤੀ 05-03-2026 ਅਧੀਨ ਧਾਰਾ 25, 54 ਅਤੇ 59 ਆਰਮਜ਼ ਐਕਟ ਤਹਿਤ ਥਾਣਾ ਸਦਰ ਖਰੜ, ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਿਸ ਰਿਮਾਂਡ ਦੌਰਾਨ ਦੋਸ਼ੀ ਦਲਵੀਰ ਸਿੰਘ ਉਰਫ ਕਾਕਾ (ਉਮਰ ਕਰੀਬ 40 ਸਾਲ), ਜੋ ਕਿ ਵਿਆਹਿਆ ਹੋਇਆ ਹੈ ਅਤੇ 12ਵੀਂ ਕਲਾਸ ਪਾਸ ਹੈ, ਨੇ ਮੁੱਢਲੀ ਪੁੱਛਗਿੱਛ ਵਿੱਚ ਦੱਸਿਆ ਕਿ ਇਹ ਹਥਿਆਰ ਉਸ ਨੇ ਕਰੀਬ 7–8 ਮਹੀਨੇ ਪਹਿਲਾਂ ਖਰੀਦਿਆ ਸੀ। ਦੋਸ਼ੀ ਖਿਲਾਫ ਪਹਿਲਾਂ ਵੀ ਚੋਰੀ ਅਤੇ ਲੜਾਈ-ਝਗੜੇ ਦੇ ਮਾਮਲੇ ਦਰਜ ਹਨ। ਇਸ ਮਾਮਲੇ ਵਿੱਚ ਦੋਸ਼ੀ ਦੇ ਹੋਰ ਸਾਥੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਵੱਲੋਂ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਹੋਰ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

Comments are closed.