ਜ਼ਿਲ੍ਹੇ ਵਿੱਚ ਪੈਟਰੋਲੀਅਮ ਉਤਪਾਦਾਂ ਅਤੇ ਐਲ.ਪੀ.ਜੀ. ਦੀ ਕੋਈ ਕਮੀ ਨਹੀਂ : ਡਿਪਟੀ ਕਮਿਸ਼ਨਰ

ਡਿਸਟ੍ਰੀਬਿਊਟਰਾਂ ਨੂੰ ਘਰੇਲੂ ਵਰਤੋਂ ਵਾਲੇ ਗੈਸ ਸਿਲੰਡਰਾਂ ਦੀ ਨਿਰਵਿਘਨ ਸਪਲਾਈ ਜਾਰੀ ਰੱਖਣ ਦੇ ਨਿਰਦੇਸ਼ ਜਮ੍ਹਾਖੋਰੀ, ਬਲੈਕ ਮਾਰਕੀਟਿੰਗ ਜਾਂ ਓਵਰਚਾਰਜਿੰਗ ਕਰਨ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਗੈਸ ਤੇ ਤੇਲ ਕੰਪਨੀਆਂ ਦੇ ਡਿਸਟ੍ਰੀਬਿਊਟਰਾਂ ਅਤੇ ਅਧਿਕਾਰੀਆਂ ਦੀ ਅਹਿਮ ਮੀਟਿੰਗ

ਤਰਨ ਤਾਰਨ, 11 ਮਾਰਚ : ਨਵਦੀਪ ਸ਼ੈਂਟੀ
ਮੱਧ ਪੂਰਬ ਵਿੱਚ ਚੱਲ ਰਹੇ ਵਿਵਾਦ ਕਾਰਨ ਅੰਤਰਰਾਸ਼ਟਰੀ ਪੱਧਰ ‘ਤੇ ਸੰਭਾਵੀ ਤੌਰ ‘ਤੇ ਪੈਟਰੋਲੀਅਮ ਪਦਾਰਥਾਂ ਨਾਲ ਸੰਬੰਧਿਤ ਹਾਲਾਤ ਪ੍ਰਭਾਵਿਤ ਹੋਣ ਦੇ ਖਦਸ਼ੇ ਅਤੇ ਆਮ ਜਨਤਾ ਵਿੱਚ ਪੈਦਾ ਹੋਏ ਤੌਖਲਿਆਂ ਨੂੰ ਦੂਰ ਕਰਨ ਦੇ ਮੰਤਵ ਨਾਲ ਅੱਜ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੋਲਰ, ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਐਲ.ਪੀ.ਜੀ. ਡਿਸਟ੍ਰੀਬਿਊਟਰਾਂ, ਪੈਟਰੋਲ-ਡੀਜ਼ਲ ਡਿਸਟ੍ਰੀਬਿਊਟਰਾਂ ਅਤੇ ਸਮੂਹ ਆਇਲ ਕੰਪਨੀਆਂ ਦੇ ਸੇਲਜ਼ ਅਫਸਰਾਂ ਆਦਿ ਦੀ ਅਹਿਮ ਮੀਟਿੰਗ ਬੁਲਾਈ ਗਈ।

ਇਸ ਦੌਰਾਨ ਹੋਏ ਵਿਚਾਰ-ਵਟਾਂਦਰੇ ਅਤੇ ਸਾਂਝੀਆਂ ਕੀਤੀਆਂ ਸੂਚਨਾਵਾਂ ਮੁਤਾਬਕ ਇਹ ਸਾਹਮਣੇ ਆਇਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕਿਸੇ ਵੀ ਪੈਟਰੋਲੀਅਮ ਉਤਪਾਦ ਜਾਂ ਐਲ.ਪੀ.ਜੀ. ਆਦਿ ਦੀ ਕੋਈ ਤੰਗੀ-ਪੇਸ਼ੀ ਨਹੀਂ ਹੈ।

ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਇਸ ਮੌਕੇ ਨਿਰਦੇਸ਼ ਦਿੱਤੇ ਕਿ ਆਮ ਜਨਤਾ ਨੂੰ ਘਰੇਲੂ ਵਰਤੋਂ ਵਾਲੇ ਗੈਸ ਸਿਲੰਡਰਾਂ ਦੀ ਨਿਰਵਿਘਨ ਸਪਲਾਈ ਜਾਰੀ ਰੱਖੀ ਜਾਵੇ। ਉਨ੍ਹਾਂ ਹਰੇਕ ਡਿਸਟ੍ਰੀਬਿਊਟਰ ਨੂੰ ਇਹ ਸਖ਼ਤੀ ਨਾਲ ਕਿਹਾ ਕਿ ਖਪਤਕਾਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਐਲ.ਪੀ.ਜੀ. ਜਾਂ ਹੋਰ ਪੈਟਰੋਲੀਅਮ ਪਦਾਰਥਾਂ ਦੀ ਜਮ੍ਹਾਖੋਰੀ, ਬਲੈਕ ਮਾਰਕੀਟਿੰਗ ਜਾਂ ਓਵਰਚਾਰਜਿੰਗ ਆਦਿ ਜੇ ਧਿਆਨ ਵਿੱਚ ਆਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗੈਸ ਰੀਫਿਲ ਲਈ ਕੇਂਦਰ ਸਰਕਾਰ ਵੱਲੋਂ ਬੁਕਿੰਗ ਲਈ 21 ਦਿਨਾਂ ਤੋਂ 25 ਦਿਨਾਂ ਦੀ ਕੀਤੀ ਗਈ ਤਬਦੀਲੀ ਦੀ ਪਾਲਣਾ ਕਰਦਿਆਂ 25 ਦਿਨਾਂ ਬਾਅਦ ਹੀ ਬੁਕਿੰਗ ਕਰਵਾਉਣ। ਉਨ੍ਹਾਂ ਕਿਹਾ ਕਿ ਵਪਾਰਕ ਵਰਤੋਂ ਵਿੱਚ ਆਉਣ ਵਾਲੇ ਸਿਲੰਡਰਾਂ ਦੀ ਸਪਲਾਈ ਵਿੱਚ ਇਸ ਸਮੇਂ ਕੁਝ ਕਟੌਤੀ ਕੀਤੀ ਗਈ ਹੈ, ਜੋ ਕਿ ਬਹੁਤ ਜਲਦ ਪਹਿਲਾਂ ਦੀ ਤਰ੍ਹਾਂ ਬਹਾਲ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਦੇ ਸਹਿਯੋਗ ਲਈ ਤਿਆਰ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

ਮੀਟਿੰਗ ਦੌਰਾਨ ਸਮੂਹ ਹਾਜ਼ਰੀਨ ਵੱਲੋਂ ਇਸ ਸਬੰਧੀ ਆਮ ਜਨਤਾ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਾ ਆਉਣ ਬਾਰੇ ਵਿਸ਼ਵਾਸ ਦਿਵਾਇਆ ਗਿਆ।

Comments are closed.