ਸਿਵਲ ਹਸਪਤਾਲ ਰਾਜਪੁਰਾ ਵਿੱਚ ਡਾ. ਸ਼ਰਨਪ੍ਰੀਤ ਸਿੰਘ ਨੇ ਐਸਐਮਓ ਵਜੋਂ ਸੰਭਾਲਿਆ ਪਦਭਾਰ
ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤਾਂ ਅਤੇ ਸਾਫ-ਸਫਾਈ ’ਤੇ ਦੇਣਗੇ ਖਾਸ ਧਿਆਨ, ਵਰਲਡ ਔਰਲ ਹੈਲਥ ਡੇ ਮੌਕੇ ਦੰਦਾਂ ਦੀ ਸੰਭਾਲ ਬਾਰੇ ਕੀਤਾ ਜਾਗਰੂਕ
ਰਾਜਪੁਰਾ, 20 ਮਾਰਚ (ਸੁਸ਼ੀਲ ਕੁਮਾਰ): ਸਿਵਲ ਹਸਪਤਾਲ ਰਾਜਪੁਰਾ ਵਿੱਚ ਅੱਜ ਡਾ. ਸ਼ਰਨਪ੍ਰੀਤ ਸਿੰਘ ਨੇ ਸਿਨੀਅਰ ਮੈਡੀਕਲ ਅਫਸਰ (ਐਸਐਮਓ) ਵਜੋਂ ਆਪਣਾ ਪਦਭਾਰ ਸੰਭਾਲ ਲਿਆ। ਇਸ ਮੌਕੇ ’ਤੇ ਹਸਪਤਾਲ ਦੇ ਸਟਾਫ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਪਦਭਾਰ ਸੰਭਾਲਣ ਤੋਂ ਬਾਅਦ ਡਾ. ਸ਼ਰਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਨੇ ਦੱਸਿਆ ਕਿ ਹਸਪਤਾਲ ਵਿੱਚ ਆਉਣ ਵਾਲੇ ਹਰ ਮਰੀਜ਼ ਨੂੰ ਵਧੀਆ ਤੋਂ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪਹਿਲ ਹੋਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਸਪਤਾਲ ਵਿੱਚ ਸਾਫ-ਸਫਾਈ, ਸਮੇਂ ਸਿਰ ਇਲਾਜ ਅਤੇ ਮਰੀਜ਼ਾਂ ਦੀ ਸੁਵਿਧਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਇਸ ਮੌਕੇ ’ਤੇ ਵਰਲਡ ਔਰਲ ਹੈਲਥ ਡੇ ਦੇ ਸੰਦਰਭ ਵਿੱਚ ਮਰੀਜ਼ਾਂ ਨੂੰ ਦੰਦਾਂ ਦੀ ਸਿਹਤ ਸੰਭਾਲ ਬਾਰੇ ਵੀ ਜਾਗਰੂਕ ਕੀਤਾ ਗਿਆ। ਡਾ. ਸ਼ਰਨਪ੍ਰੀਤ ਸਿੰਘ ਨੇ ਦੱਸਿਆ ਕਿ ਸਵੇਰੇ ਉੱਠ ਕੇ ਨਿਯਮਿਤ ਤੌਰ ’ਤੇ ਦੰਦ ਸਾਫ ਕਰਨਾ, ਸਹੀ ਢੰਗ ਨਾਲ ਮੂੰਹ ਦੀ ਸਫਾਈ ਰੱਖਣੀ ਅਤੇ ਲੋੜ ਪੈਣ ’ਤੇ ਸਮੇਂ ਸਿਰ ਡਾਕਟਰੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ।
ਅੱਜ ਹਸਪਤਾਲ ਵਿੱਚ ਲਗਭਗ 100 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਸਿਹਤ ਸੰਬੰਧੀ ਜ਼ਰੂਰੀ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਗਿਆ। ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਅਤੇ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ।
ਡਾ. ਸ਼ਰਨਪ੍ਰੀਤ ਸਿੰਘ ਨੇ ਹਸਪਤਾਲ ਦੇ ਸਟਾਫ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਪੂਰੀ ਲਗਨ ਅਤੇ ਨਿਸ਼ਠਾ ਨਾਲ ਡਿਊਟੀ ਨਿਭਾਉਣ, ਤਾਂ ਜੋ ਆਮ ਜਨਤਾ ਨੂੰ ਬਿਹਤਰ ਸਿਹਤ ਸੇਵਾਵਾਂ ਮਿਲ ਸਕਣ।
ਅੰਤ ਵਿੱਚ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਹਸਪਤਾਲਾਂ ਦੀਆਂ ਸਹੂਲਤਾਂ ਦਾ ਲਾਭ ਲੈਣ ਅਤੇ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ।
Our YouTube video
Comments are closed.