ਖਰੜ ਬਲਾਕ ਸਮਿਤੀ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ


ਮੁਹਾਲੀ/ਖਰੜ, 17 ਮਾਰਚ (ਪੁਸ਼ਪਿੰਦਰ ਸਿੰਘ ਕੁਰਾਲੀ): ਖਰੜ ਬਲਾਕ ਸਮਿਤੀ ਚੇਅਰਮੈਨ ਦੀਆਂ ਹੋਈਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਜਿੱਤ ਪ੍ਰਾਪਤ ਹੋਈ ਹੈ। ਇਸ ਚੋਣ ਵਿੱਚ ਪਾਰਟੀ ਦੇ ਉਮੀਦਵਾਰ ਰਘਬੀਰ ਸਿੰਘ ਮੋਦੀ ਨੂੰ ਚੇਅਰਮੈਨ ਅਤੇ ਨਿਰਪਾਲ ਸਿੰਘ ਮੰਡੇਰ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ।

ਚੋਣ ਦੌਰਾਨ ਕੁੱਲ 14 ਵੋਟਾਂ ਪੋਲ ਹੋਈਆਂ, ਜਿਨ੍ਹਾਂ ਵਿੱਚੋਂ ਰਘਬੀਰ ਸਿੰਘ ਮੋਦੀ ਨੂੰ 8 ਵੋਟਾਂ ਮਿਲੀਆਂ ਅਤੇ ਉਹ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੇ।
ਇਸ ਮੌਕੇ ’ਤੇ ਖਰੜ ਹਲਕੇ ਦੀ ਵਿਧਾਇਕ ਅਨਮੋਲ ਗਗਨ ਮਾਨ ਵੀ ਖਾਸ ਤੌਰ ’ਤੇ ਮੌਜੂਦ ਰਹੀ। ਉਨ੍ਹਾਂ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਆਪਣੇ ਸੰਬੋਧਨ ਵਿੱਚ ਚੇਅਰਮੈਨ ਚੁਣੇ ਗਏ ਰਘਬੀਰ ਸਿੰਘ ਮੋਦੀ ਨੇ ਕਿਹਾ ਕਿ ਲੋਕਾਂ ਅਤੇ ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਕੀਤਾ ਗਿਆ ਭਰੋਸਾ ਉਹ ਕਦੇ ਵੀ ਟੁੱਟਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣਗੇ ਅਤੇ ਖਰੜ ਇਲਾਕੇ ਦੇ ਵਿਕਾਸ ਲਈ ਪੂਰੇ ਯਤਨ ਕਰਨਗੇ।

ਚੋਣ ਜਿੱਤ ਦੀ ਖੁਸ਼ੀ ਵਿੱਚ ਪਾਰਟੀ ਵਰਕਰਾਂ ਵੱਲੋਂ ਖੂਬ ਜਸ਼ਨ ਮਨਾਇਆ ਗਿਆ। ਵਰਕਰਾਂ ਨੇ ਵਿਧਾਇਕ ਅਨਮੋਲ ਗਗਨ ਮਾਨ ਨਾਲ ਮਿਲ ਕੇ ਭੰਗੜਾ ਪਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ’ਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਸਥਾਨਕ ਨੇਤਾ ਮੌਜੂਦ ਸਨ, ਜਿਨ੍ਹਾਂ ਨੇ ਨਵੇਂ ਚੁਣੇ ਗਏ ਪ੍ਰਤਿਨਿਧੀਆਂ ਨੂੰ ਵਧਾਈ ਦਿੱਤੀ।

Comments are closed.