ਪ੍ਰਭ ਆਸਰਾ ਸੰਸਥਾ ਵਿੱਚ ਚਾਰ ਹੋਰ ਲਾਵਾਰਿਸ ਨਾਗਰਿਕਾਂ ਨੂੰ ਮਿਲੀ ਸ਼ਰਨ
ਮਾਨਸਿਕ ਅਤੇ ਸਰੀਰਕ ਤੌਰ ‘ਤੇ ਪੀੜਿਤ ਲੋਕਾਂ ਦੀ ਸੇਵਾ ਲਈ ਸੰਸਥਾ ਵੱਲੋਂ ਲਗਾਤਾਰ ਉਪਰਾਲੇ • 450 ਤੋਂ ਵੱਧ ਨਾਗਰਿਕਾਂ ਦੀ ਹੋ ਰਹੀ ਸੰਭਾਲ
ਕੁਰਾਲੀ, 24 ਮਾਰਚ (ਪੁਸ਼ਪਿੰਦਰ ਸਿੰਘ):
ਕੁਰਾਲੀ ਸ਼ਹਿਰ ਦੀ ਹੱਦ ‘ਚ ਪੈਂਦੇ ਪਿੰਡ ਪਡਿਆਲਾ ਵਿਖੇ ਲਾਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾ ਵਿੱਚ ਚਾਰ ਹੋਰ ਲਾਵਾਰਿਸ ਨਾਗਰਿਕਾਂ ਨੂੰ ਸ਼ਰਨ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਨੇ ਦੱਸਿਆ ਕਿ ਆਦਰੀ ਦੇਵੀ (62), ਜੋ ਮਾਨਸਿਕ ਰੋਗ ਕਾਰਨ ਕੁਰਾਲੀ ਦੀਆਂ ਸੜਕਾਂ ‘ਤੇ ਲਾਵਾਰਿਸ ਹਾਲਤ ਵਿੱਚ ਭਟਕ ਰਹੀ ਸੀ, ਨੂੰ ਸਮਾਜ ਦਰਦੀ ਸੱਜਣਾਂ ਵੱਲੋਂ ਦਿੱਤੀ ਜਾਣਕਾਰੀ ਉਪਰੰਤ ਪ੍ਰਸ਼ਾਸਨ ਨੇ ਸੰਸਥਾ ਵਿੱਚ ਦਾਖਿਲ ਕਰਵਾਇਆ।
ਇਸੇ ਤਰ੍ਹਾਂ ਅਨੁਪਮਾ ਸ੍ਰੀਵਾਸਤਵ (37), ਜੋ ਚੰਡੀਗੜ੍ਹ ਯੂਨੀਵਰਸਿਟੀ ਘੜੂਆਂ ਵਿੱਚ ਨੌਕਰੀ ਕਰ ਰਹੀ ਸੀ, ਦੀ ਅਚਾਨਕ ਮਾਨਸਿਕ ਸਥਿਤੀ ਵਿਗੜ ਜਾਣ ਕਾਰਨ ਉਸ ਨੂੰ ਵੀ ਪ੍ਰਸ਼ਾਸਨ ਅਤੇ ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਇਲਾਜ ਅਤੇ ਸੰਭਾਲ ਲਈ ਸੰਸਥਾ ਵਿੱਚ ਦਾਖਿਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਉਨ੍ਹਾਂ ਦੇ ਪਿਤਾ ਅੱਖਾਂ ਦੀ ਰੋਸ਼ਨੀ ਤੋਂ ਵਾਂਝੇ ਹਨ ਅਤੇ ਦੇਖਭਾਲ ਕਰਨ ਵਾਲਾ ਕੋਈ ਹੋਰ ਨਹੀਂ।
ਇਸ ਤੋਂ ਇਲਾਵਾ ਮੰਜੂ (61), ਜੋ ਮਾਨਸਿਕ ਤੌਰ ‘ਤੇ ਅਸਵਸਥ ਹੋਣ ਕਰਕੇ ਪਿੰਡ ਕੰਡਾਲਾ (ਮੋਹਾਲੀ) ਦੀਆਂ ਸੜਕਾਂ ‘ਤੇ ਲਾਵਾਰਿਸ ਹਾਲਤ ਵਿੱਚ ਮਿਲੀ, ਨੂੰ ਮੋਹਾਲੀ ਪੁਲਿਸ ਵੱਲੋਂ ਸੰਸਥਾ ਵਿੱਚ ਦਾਖਿਲ ਕਰਵਾਇਆ ਗਿਆ।
ਇਸੇ ਤਰ੍ਹਾਂ ਅਨਿਲ, ਜੋ ਚੰਡੀਗੜ੍ਹ ਸੜਕ ‘ਤੇ ਹਾਦਸੇ ਦਾ ਸ਼ਿਕਾਰ ਹੋਇਆ ਸੀ ਅਤੇ ਜਿਸ ਦਾ ਪੀ.ਜੀ.ਆਈ. ਚੰਡੀਗੜ੍ਹ ਵਿੱਚ ਇਲਾਜ ਹੋਇਆ, ਉਸ ਦੀ ਲੱਤ ਦਾ ਓਪਰੇਸ਼ਨ ਕਰਨ ਉਪਰੰਤ ਉਸ ਦੀ ਦੇਖਭਾਲ ਲਈ ਪ੍ਰਭ ਆਸਰਾ ਸੰਸਥਾ ਵਿੱਚ ਭੇਜਿਆ ਗਿਆ, ਕਿਉਂਕਿ ਉਸ ਦੀ ਸਾਂਭ ਸੰਭਾਲ ਕਰਨ ਵਾਲਾ ਕੋਈ ਨਹੀਂ ਸੀ।
ਸੰਸਥਾ ਵੱਲੋਂ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਵਿਅਕਤੀ ਇਨ੍ਹਾਂ ਨਾਗਰਿਕਾਂ ਨੂੰ ਪਛਾਣਦਾ ਹੋਵੇ ਤਾਂ ਉਹ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਪ੍ਰਭ ਆਸਰਾ ਸੰਸਥਾ ਪਰਮਾਤਮਾ ਦੀ ਕਿਰਪਾ ਅਤੇ ਸਮਾਜ ਦਰਦੀ ਸੱਜਣਾਂ ਦੇ ਸਹਿਯੋਗ ਨਾਲ ਹੁਣ ਤੱਕ ਹਜ਼ਾਰਾਂ ਲਾਵਾਰਿਸ ਨਾਗਰਿਕਾਂ ਦੀ ਜ਼ਿੰਦਗੀ ਸੁਧਾਰ ਚੁੱਕੀ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾ ਚੁੱਕੀ ਹੈ। ਇਸ ਵੇਲੇ ਸੰਸਥਾ ਵਿੱਚ ਤਕਰੀਬਨ 450 ਤੋਂ ਵੱਧ ਨਾਗਰਿਕਾਂ ਦੀ ਸੰਭਾਲ ਅਤੇ ਇਲਾਜ ਚੱਲ ਰਿਹਾ ਹੈ।
Comments are closed.