ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਭੇਟ

ਸ਼ਹੀਦਾਂ ਦੀ ਕੁਰਬਾਨੀ ਸਦਾ ਪ੍ਰੇਰਣਾ ਦਾ ਸਰੋਤ: ਜੀਤੀ ਪਡਿਆਲਾ • ਦੋ ਮਿੰਟ ਮੌਨ ਧਾਰਨ ਕਰਕੇ ਦਿੱਤੀ ਨਮਨ

ਕੁਰਾਲੀ, 24 ਮਾਰਚ (ਪੁਸ਼ਪਿੰਦਰ ਸਿੰਘ):
ਅੱਜ ਕੁਰਾਲੀ ਵਿਖੇ ਰਣਜੀਤ ਸਿੰਘ ਜੀਤੀ ਪਡਿਆਲਾ, ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਮੌਕੇ ਸ਼ਹੀਦਾਂ ਦੀਆਂ ਤਸਵੀਰਾਂ ਅੱਗੇ ਫੁੱਲ ਮਾਲਾਵਾਂ ਅਰਪਿਤ ਕਰਕੇ ਉਨ੍ਹਾਂ ਦੀ ਕੁਰਬਾਨੀ ਨੂੰ ਨਮਨ ਕੀਤਾ ਗਿਆ ਅਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਦੇਸ਼ ਦੀ ਆਜ਼ਾਦੀ ਲਈ ਆਪਣੇ ਪ੍ਰਾਣ ਨਿਛਾਵਰ ਕਰਕੇ ਇਕ ਅਮਰ ਇਤਿਹਾਸ ਰਚਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਸਾਡੇ ਲਈ ਸਦਾ ਪ੍ਰੇਰਣਾ ਦਾ ਸਰੋਤ ਰਹੇਗੀ।

ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਅਣਗਿਣਤ ਸ਼ਹੀਦਾਂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ, ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਆਜ਼ਾਦੀ ਦਾ ਅਨੰਦ ਮਾਣ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਸਿਰਫ ਇਕ ਇਨਕਲਾਬੀ ਹੀ ਨਹੀਂ ਸਨ, ਸਗੋਂ ਉਹ ਮਹਾਨ ਵਿਚਾਰਕ ਅਤੇ ਨੌਜਵਾਨਾਂ ਲਈ ਪ੍ਰੇਰਣਾ ਦੇ ਸਰੋਤ ਵੀ ਸਨ।

ਉਨ੍ਹਾਂ ਦੇ ਵਿਚਾਰ ਅੱਜ ਵੀ ਸਮਾਜ ਨੂੰ ਸੱਚਾਈ, ਹਿੰਮਤ ਅਤੇ ਦੇਸ਼ਭਗਤੀ ਦੇ ਰਾਹ ‘ਤੇ ਤੁਰਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਸ਼ਹੀਦਾਂ ਦੀ ਸੋਚ ਅਤੇ ਆਦਰਸ਼ਾਂ ਤੋਂ ਪ੍ਰੇਰਣਾ ਲੈ ਕੇ ਸਮਾਜ ਵਿੱਚ ਚੰਗੇ ਬਦਲਾਅ ਲਈ ਅੱਗੇ ਆਉਣ।
ਉਨ੍ਹਾਂ ਕਿਹਾ ਕਿ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਬੱਚਿਆਂ ਅਤੇ ਨੌਜਵਾਨਾਂ ਨੂੰ ਦੇਸ਼ ਦੇ ਇਤਿਹਾਸ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਜਾਣੂ ਕਰਵਾਈਏ, ਤਾਂ ਜੋ ਉਹ ਵੀ ਦੇਸ਼ ਪ੍ਰਤੀ ਆਪਣਾ ਫਰਜ਼ ਸਮਝ ਸਕਣ।

ਸਮਾਗਮ ਦੌਰਾਨ ਹਾਜ਼ਰ ਸਾਰੇ ਲੋਕਾਂ ਨੇ ਸ਼ਹੀਦਾਂ ਦੇ ਦਿਖਾਏ ਰਸਤੇ ‘ਤੇ ਚੱਲਣ ਅਤੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਕੰਮ ਕਰਨ ਦਾ ਸੰਕਲਪ ਲਿਆ।
ਇਸ ਮੌਕੇ ਸ਼ਹਿਰੀ ਕਾਂਗਰਸ ਕਮੇਟੀ ਕੁਰਾਲੀ ਦੇ ਪ੍ਰਧਾਨ ਦਿਨੇਸ਼ ਗੌਤਮ, ਕੌਂਸਲਰ ਸੰਜੂ ਰਾਣਾ ਅਤੇ ਧੀਰਜ ਧੀਮਾਨ ਵੀ ਮੌਜੂਦ ਸਨ।

Comments are closed.