ਥਾਣਾ ਸਿਟੀ ਰਾਜਪੁਰਾ ਪੁਲਿਸ ਦੀ ਤਾਬੜਤੋੜ ਕਾਰਵਾਈ: ਹਮਲੇ ਦੇ ਦੋਸ਼ੀ ਗ੍ਰਿਫ਼ਤਾਰ, 8 ਕਿਲੋ ਚਰਸ ਸਮੇਤ ਦੋ ਔਰਤਾਂ ਕਾਬੂ
ਡੀਐਸਪੀ ਮਨਜੀਤ ਸਿੰਘ ਦੀ ਨਿਗਰਾਨੀ ਹੇਠ ਅਤੇ ਐਸਐਚਓ ਇੰਸਪੈਕਟਰ ਗੁਰਸੇਵਕ ਸਿੰਘ ਦੀ ਅਗਵਾਈ ਵਿੱਚ ਨਸ਼ਿਆਂ ਅਤੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ
ਰਾਜਪੁਰਾ, 10 ਮਾਰਚ (ਸੁਸ਼ੀਲ ਕੁਮਾਰ)
ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵਰੁਣ ਸ਼ਰਮਾ (IPS) ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀਐਸਪੀ ਰਾਜਪੁਰਾ ਮਨਜੀਤ ਸਿੰਘ ਦੀ ਨਿਗਰਾਨੀ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਥਾਣਾ ਸਿਟੀ ਰਾਜਪੁਰਾ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਵੱਡੀ ਕਾਰਵਾਈ ਕਰਦਿਆਂ ਕਈ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਐਸਐਚਓ ਥਾਣਾ ਸਿਟੀ ਰਾਜਪੁਰਾ ਇੰਸਪੈਕਟਰ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਮਿਤੀ 06 ਮਾਰਚ 2026 ਨੂੰ ਇੱਕ ਵਿਅਕਤੀ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ ਦੇ ਮਾਮਲੇ ਵਿੱਚ ਦੋ ਮੁੱਖ ਦੋਸ਼ੀਆਂ ਅਰਸ਼ ਖਾਨ ਉਰਫ ਲੱਕੀ ਅਤੇ ਪ੍ਰਭਸਿਮਰਨ ਸਿੰਘ ਉਰਫ ਅਗਮ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ਵਿੱਚ ਤਿੰਨ ਨਾਬਾਲਗ ਦੋਸ਼ੀਆਂ ਨੂੰ ਜੁਵਨਾਈਲ ਕੋਰਟ ਵਿੱਚ ਪੇਸ਼ ਕਰਕੇ ਬਾਲ ਸੁਧਾਰ ਘਰ ਨਿਊ ਸ਼ਿਮਲਾਪੁਰੀ ਲੁਧਿਆਣਾ ਭੇਜ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਨਸ਼ਿਆਂ ਵਿਰੁੱਧ ਕਾਰਵਾਈ ਕਰਦਿਆਂ ਪੁਲਿਸ ਨੇ ਮਿਡਵੇ ਢਾਬਾ ਰਾਜਪੁਰਾ ਨੇੜੇ ਨਾਕਾਬੰਦੀ ਦੌਰਾਨ ਦੋ ਔਰਤਾਂ ਬੋਲੀਆ ਦੇਵੀ ਅਤੇ ਅੰਮ੍ਰਿਤਾ ਦੇਵੀ, ਜੋ ਕਿ ਬਿਹਾਰ ਦੀਆਂ ਰਹਿਣ ਵਾਲੀਆਂ ਹਨ, ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 8 ਕਿਲੋਗ੍ਰਾਮ ਚਰਸ/ਸੁਲਫਾ ਬਰਾਮਦ ਕੀਤਾ। ਇਸ ਸਬੰਧੀ NDPS ਐਕਟ ਤਹਿਤ ਕੇਸ ਦਰਜ ਕਰਕੇ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਪੁਲਿਸ ਨੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਇਸੇ ਤਰ੍ਹਾਂ ਪੁਲਿਸ ਨੇ ਇੱਕ ਹੋਰ ਕਾਰਵਾਈ ਵਿੱਚ ਲੁੱਟ ਮਾਮਲੇ ਦੇ ਦੋਸ਼ੀਆਂ ਰਵਿੰਦਰ ਸਿੰਘ (ਪਿੰਡ ਦੀਮਾ, ਜ਼ਿਲ੍ਹਾ ਲੁਧਿਆਣਾ) ਅਤੇ ਅਮਨਿੰਦਰ ਸਿੰਘ (ਪਿੰਡ ਨਾਰੋਮਾਜਰਾ, ਜ਼ਿਲ੍ਹਾ ਮਲੇਰਕੋਟਲਾ) ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਲੁੱਟਿਆ ਹੋਇਆ ਮੋਟਰਸਾਇਕਲ, ਮੋਬਾਈਲ ਫੋਨ ਅਤੇ ਵਾਰਦਾਤ ਵਿੱਚ ਵਰਤੀ ਸਟੀਲ ਦੀ ਰਾਡ ਵੀ ਬਰਾਮਦ ਕਰ ਲਈ ਹੈ।
ਪੁਲਿਸ ਅਨੁਸਾਰ ਦੋਸ਼ੀਆਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਪਿਛਲੇ ਅਪਰਾਧਿਕ ਰਿਕਾਰਡ ਦੀ ਜਾਂਚ ਵੀ ਜਾਰੀ ਹੈ। ਪੁਲਿਸ ਨੇ ਕਿਹਾ ਕਿ ਇਲਾਕੇ ਵਿੱਚ ਅਪਰਾਧੀਆਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਆਗੇ ਵੀ ਜਾਰੀ ਰਹੇਗੀ।
—
Comments are closed.