ਮੋਰਿੰਡਾ ਫ਼ਤਹਿ ਦਿਵਸ ਮੌਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਢਾਡੀ ਦਰਬਾਰ ਸਜਾਇਆ

ਮੋਰਿੰਡਾ ਫ਼ਤਹਿ ਦਿਵਸ ਖ਼ਾਲਸਾਈ ਰਿਵਾਇਤਾਂ ਨਾਲ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਮਨਾਇਆ ਗਿਆ

ਮੋਰਿੰਡਾ — ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਹਾਰਾਜਾ ਸ੍ਰੀ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਵੱਲੋਂ ਮੋਰਿੰਡਾ ਫ਼ਤਹਿ ਦਿਵਸ ਖ਼ਾਲਸਾਈ ਰਿਵਾਇਤਾਂ ਅਨੁਸਾਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਮਾਗਮ ਦੌਰਾਨ ਵਿਸ਼ੇਸ਼ ਢਾਡੀ ਦਰਬਾਰ ਸਜਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀ ਭਰੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਦਲਵੀਰ ਸਿੰਘ ਮੂੰਡੀਆ ਨੇ ਦੱਸਿਆ ਕਿ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਅਰਦਾਸ ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਬਲਵੀਰ ਸਿੰਘ ਚਲਾਕੀ ਵੱਲੋਂ ਢਾਡੀ ਦੀਵਾਨ ਦੀ ਅਰੰਭਤਾ ਕਰਵਾਈ ਗਈ।

ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਅਜਮੇਰ ਸਿੰਘ ਖੇੜਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨੇ ਕਿਹਾ ਕਿ ਅਜਿਹੇ ਇਤਿਹਾਸਕ ਸਮਾਗਮ ਨਵੀਂ ਪੀੜ੍ਹੀ ਨੂੰ ਕੌਮੀ ਇਤਿਹਾਸ ਨਾਲ ਜੋੜਦੇ ਹਨ। ਉਨ੍ਹਾਂ ਕਿਹਾ ਕਿ ਮੋਰਿੰਡਾ ਫ਼ਤਹਿ ਦਿਵਸ ਸਿੱਖ ਕੌਮ ਦੀ ਆਜ਼ਾਦੀ ਅਤੇ ਬਹਾਦਰੀ ਦਾ ਪ੍ਰਤੀਕ ਹੈ।

ਇਸ ਮੌਕੇ ਪ੍ਰਸਿੱਧ ਢਾਡੀ ਸਵਰਨ ਸਿੰਘ ਢੰਗਰਾਲੀ ਨੇ ਕਿਹਾ ਕਿ ਫ਼ਤਹਿ ਦਿਵਸ ਕੌਮ ਅੰਦਰ ਦੇਸ਼ਭਗਤੀ ਅਤੇ ਕੌਮੀ ਜਜ਼ਬੇ ਨੂੰ ਮਜ਼ਬੂਤ ਕਰਦੇ ਹਨ। ਸਮਾਗਮ ਦੌਰਾਨ ਢਾਡੀ ਬਲਵੀਰ ਸਿੰਘ ਰਸੀਲਾ, ਢਾਡੀ ਸਵਰਨ ਸਿੰਘ ਢੰਗਰਾਲੀ ਅਤੇ ਢਾਡੀ ਗੁਰਨਾਮ ਸਿੰਘ ਮੋਹੀ ਨੇ ਆਪਣੇ ਜਥਿਆਂ ਸਮੇਤ ਢਾਡੀ ਵਾਰਾਂ ਅਤੇ ਸਿੱਖ ਇਤਿਹਾਸ ਦੀਆਂ ਗਾਥਾਵਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।

ਇਸ ਅਵਸਰ ‘ਤੇ ਸਿੱਖ ਕੌਮ ਦੇ ਸ਼ਹੀਦ ਰਣ ਸਿੰਘ ਅਤੇ ਦਲ ਸਿੰਘ ਘੜੂੰਆਂ ਦੇ ਵੰਸ਼ਜ ਰਮਨਦੀਪ ਸਿੰਘ ਮਠਾੜੂ ਦੇ ਪਰਿਵਾਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸ.ਡੀ.ਐਮ. ਗੁਰਦੇਵ ਸਿੰਘ ਧੰਮ ਨੇ ਮੋਰਿੰਡਾ ਫ਼ਤਹਿ ਦਿਵਸ ਦੇ ਸੁਚੱਜੇ ਪ੍ਰਬੰਧਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ।

ਸਮਾਗਮ ਦੌਰਾਨ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੁਫ਼ਤ ਮੈਡੀਕਲ ਕੈਂਪ ਵੀ ਲਗਾਏ ਗਏ, ਜਿਨ੍ਹਾਂ ਤੋਂ ਸੈਂਕੜੇ ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ। ਇਸ ਸਮਾਗਮ ਵਿੱਚ ਵਿਸ਼ਵਕਰਮਾ ਸਭਾ ਮੋਰਿੰਡਾ ਅਤੇ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ।

ਰਾਮਗੜ੍ਹੀਆ ਫੈਡਰੇਸ਼ਨ ਦੇ ਸਕੱਤਰ ਦਲਜੀਤ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਦਲਵੀਰ ਸਿੰਘ ਮੂੰਡੀਆ ਵੱਲੋਂ ਹਾਜ਼ਰ ਜਥਿਆਂ ਅਤੇ ਪਤਵੰਤੇ ਸੱਜਣਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਜਗਦੇਵ ਸਿੰਘ ਬਿੱਟੂ, ਸਾਬਕਾ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਖਟੜਾ, ਹਰਮੋਹਨ ਸਿੰਘ ਸੰਧੂ (ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ) ਸਮੇਤ ਕਈ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਆਗੂ ਹਾਜ਼ਰ ਸਨ।

ਖ਼ਬਰ ਅਤੇ ਫੋਟੋ: ਮੋਰਿੰਡਾ — ਕਰਨੈਲ ਜੀਤ

Watch our YouTube video

Comments are closed.