ਨਵ ਵਿਆਹੁਤਾ ਨੂੰ ਗੋਲੀ ਮਾਰਣ ਦੀ ਵਾਰਦਾਤ, ਹਾਲਤ ਗੰਭੀਰ

ਪੱਟੀ ਦੀ ਗਾਰਡਨ ਕਲੋਨੀ ਵਿੱਚ ਸ਼ਾਮ ਵੇਲੇ ਵਾਪਰੀ ਘਟਨਾ, ਗੰਭੀਰ ਜ਼ਖਮੀ ਲੜਕੀ ਅੰਮ੍ਰਿਤਸਰ ਰੈਫਰ

ਤਰਨ ਤਾਰਨ/ਪੱਟੀ, 21 ਫਰਵਰੀ (ਨਵਦੀਪ ਸ਼ੰਟੀ):
ਪੱਟੀ ਦੀ ਗਾਰਡਨ ਕਲੋਨੀ ਵਿੱਚ ਸ਼ਨੀਵਾਰ ਸ਼ਾਮ ਇੱਕ ਦਿਲ ਦਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਅਣਪਛਾਤੇ ਨੌਜਵਾਨ ਵੱਲੋਂ ਨਵ ਵਿਆਹੁਤਾ ਲੜਕੀ ਨੂੰ ਗੋਲੀ ਮਾਰ ਦਿੱਤੀ ਗਈ। ਇਸ ਹਮਲੇ ਵਿੱਚ ਲੜਕੀ ਗੰਭੀਰ ਤੌਰ ’ਤੇ ਜ਼ਖਮੀ ਹੋ ਗਈ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈl

ਜ਼ਖਮੀ ਲੜਕੀ ਦੀ ਪਛਾਣ ਰੂਬੀ ਪਤਨੀ ਅੰਸ਼ ਗਰੋਵਰ, ਵਾਸੀ ਗਾਰਡਨ ਕਲੋਨੀ ਪੱਟੀ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੂਬੀ ਦਾ ਵਿਆਹ ਕਰੀਬ ਦੋ ਮਹੀਨੇ ਪਹਿਲਾਂ ਅੰਸ਼ ਗਰੋਵਰ ਨਾਲ ਹੋਇਆ ਸੀ।

ਪੀੜਤ ਦੀ ਸੱਸ ਰੇਨੂ ਬਾਲਾ ਨੇ ਦੱਸਿਆ ਕਿ ਸ਼ਾਮ ਦੇ ਸਮੇਂ ਉਨ੍ਹਾਂ ਦਾ ਪੁੱਤਰ ਅੰਸ਼ ਗਰੋਵਰ ਆਪਣੀ ਪਤਨੀ ਦੀ ਦਵਾਈ ਲੈਣ ਲਈ ਐਕਟਿਵਾ ’ਤੇ ਘਰ ਤੋਂ ਬਾਹਰ ਨਿਕਲਿਆ ਸੀ। ਇਸ ਦੌਰਾਨ ਘਰ ਦੇ ਗੇਟ ਦੇ ਨੇੜੇ ਹੀ ਇੱਕ ਅਣਪਛਾਤੇ ਨੌਜਵਾਨ ਨੇ ਰੂਬੀ ’ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਈ।

ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਰੂਬੀ ਨੂੰ ਸਿਵਲ ਹਸਪਤਾਲ ਪੱਟੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਅੰਮ੍ਰਿਤਸਰ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ। ਇਸ ਦੌਰਾਨ ਲੜਕੀ ਦੇ ਪਤੀ ਦੀ ਲੱਤ ’ਤੇ ਵੀ ਸੱਟ ਲੱਗਣ ਦੀ ਜਾਣਕਾਰੀ ਮਿਲੀ ਹੈ।

ਪੀੜਤ ਪਰਿਵਾਰ ਨੇ ਪੁਲੀਸ ਪ੍ਰਸ਼ਾਸਨ ਕੋਲੋਂ ਦੋਸ਼ੀਆਂ ਨੂੰ ਜਲਦੀ ਕਾਬੂ ਕਰਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਮਲਾਵਰ ਦੀ ਪਛਾਣ ਲਈ ਤਲਾਸ਼ ਜਾਰੀ ਹੈ।

Comments are closed.