ਭਾਜਪਾ ਵੱਲੋਂ ਪੰਡਿਤ ਦੀਨਦਯਾਲ ਉਪਾਧਿਆਏ ਨੂੰ ਸ਼ਰਧਾਂਜਲੀਆਂ ਭੇਂਟ
ਰਾਸ਼ਟਰ ਨਿਰਮਾਣ ਅਤੇ ਸਮਾਜਿਕ ਸਮਰਸਤਾ ਦੇ ਸਿਧਾਂਤਾਂ ਨੂੰ ਅਪਣਾਉਣ ਦੀ ਲੋੜ” – ਮੇਜਰ ਅੰਜੂ ਬਾਲਾ
ਮੋਰਿੰਡਾ: ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਸਵ. ਪੰਡਿਤ ਦੀਨ ਦਿਆਲ ਉਪਾਧਿਆਏ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਐਸ.ਸੀ. ਮੋਰਚਾ ਜ਼ਿਲ੍ਹਾ ਰੋਪੜ ਦੀ ਪ੍ਰਧਾਨ ਮੇਜਰ ਅੰਜੂ ਬਾਲਾ ਵੱਲੋਂ ਪੰਡਿਤ ਦੀਨਦਯਾਲ ਉਪਾਧਿਆਏ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਉਨ੍ਹਾਂ ਪੰਡਿਤ ਜੀ ਦੇ ਚਿੱਤਰ ਅੱਗੇ ਫੁੱਲ ਮਾਲਾਵਾਂ ਅਰਪਿਤ ਕਰਦੇ ਹੋਏ ਉਨ੍ਹਾਂ ਦੇ ਦੇਸ਼ ਅਤੇ ਸਮਾਜ ਪ੍ਰਤੀ ਯੋਗਦਾਨ ਨੂੰ ਯਾਦ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੇਜਰ ਅੰਜੂ ਬਾਲਾ ਨੇ ਕਿਹਾ ਕਿ ਪੰਡਿਤ ਉਪਾਧਿਆਏ ਦਾ ਜੀਵਨ ਸਾਦਗੀ, ਸੇਵਾ ਅਤੇ ਸਮਰਪਣ ਦਾ ਪ੍ਰਤੀਕ ਸੀ। ਉਨ੍ਹਾਂ ਨੇ ਕਿਹਾ ਕਿ ਪੰਡਿਤ ਜੀ ਨੇ “ਏਕਾਤਮ ਮਨੁੱਖਵਾਦ” ਦਾ ਸਿਧਾਂਤ ਦੇ ਕੇ ਭਾਰਤ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਇੱਕ ਵਿਲੱਖਣ ਦ੍ਰਿਸ਼ਟੀਕੋਣ ਪੇਸ਼ ਕੀਤਾ, ਜਿਸ ਦਾ ਮੂਲ ਉਦੇਸ਼ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਣਾ ਸੀ। ਉਨ੍ਹਾਂ ਨੇ ਸਮਾਜ ਦੇ ਅੰਤਿਮ ਪੰਕਤੀ ਵਿੱਚ ਖੜ੍ਹੇ ਵਿਅਕਤੀ ਦੀ ਭਲਾਈ ਨੂੰ ਸਦਾ ਪ੍ਰਾਥਮਿਕਤਾ ਦਿੱਤੀ ਅਤੇ ਰਾਸ਼ਟਰ ਨੂੰ ਮਜ਼ਬੂਤ ਬਣਾਉਣ ਲਈ ਏਕਤਾ ਅਤੇ ਸਮਰਸਤਾ ’ਤੇ ਜ਼ੋਰ ਦਿੱਤਾ।
ਮੇਜਰ ਅੰਜੂ ਬਾਲਾ ਨੇ ਕਿਹਾ ਕਿ ਅੱਜ ਦੀ ਪੀੜ੍ਹੀ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਪੰਡਿਤ ਜੀ ਦੇ ਉੱਚ ਆਦਰਸ਼ਾਂ ਨੂੰ ਸਮਝੇ ਅਤੇ ਆਪਣੇ ਜੀਵਨ ਵਿੱਚ ਅਪਣਾਏ। ਉਨ੍ਹਾਂ ਦੇ ਵਿਚਾਰ ਸਿਰਫ਼ ਰਾਜਨੀਤੀ ਤੱਕ ਸੀਮਿਤ ਨਹੀਂ ਸਨ, ਸਗੋਂ ਸਮਾਜਿਕ ਨਿਆਂ, ਆਤਮਨਿਰਭਰਤਾ ਅਤੇ ਰਾਸ਼ਟਰੀ ਏਕਤਾ ਨਾਲ ਗਹਿਰਾਈ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਅਪੀਲ ਕੀਤੀ ਕਿ ਪੰਡਿਤ ਜੀ ਦੇ ਦਰਸਾਏ ਰਸਤੇ ’ਤੇ ਚੱਲਦਿਆਂ ਸਮਾਜ ਦੀ ਸੇਵਾ ਅਤੇ ਕਮਜ਼ੋਰ ਵਰਗਾਂ ਦੇ ਉਤਥਾਨ ਨੂੰ ਆਪਣਾ ਫਰਜ਼ ਬਣਾਇਆ ਜਾਵੇ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਸੀਨੀਅਰ ਆਗੂ ਸਵਰਨ ਸਿੰਘ ਸੈਪਲਾ, ਮੰਡਲ ਰੋਪੜ ਦੇ ਪ੍ਰਧਾਨ ਰਜੇਸ਼ ਭਾਟੀਆ ਅਤੇ ਹੋਰ ਭਾਜਪਾ ਆਗੂ ਵੀ ਮੌਜੂਦ ਸਨ।
Watch next news YouTube