ਬਜ਼ੁਰਗਾਂ ਦਾ ਸਨਮਾਨ ਅਤੇ ਦੇਖਭਾਲ ਸਾਡੀ ਨੈਤਿਕ ਜ਼ਿੰਮੇਵਾਰੀ – ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਤਰਨ ਤਾਰਨ, 13 ਫਰਵਰੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਤਰਨ ਤਾਰਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਤਰਨ ਤਾਰਨ ਵਿਖੇ ‘ਸਾਡੇ ਬਜ਼ੁਰਗ ਸਾਡਾ ਮਾਣ’ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਜਾਗਰੂਕਤਾ ਕੈਂਪ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਦੇ ਜੇਲ੍ਹਾਂ ਅਤੇ ਟਰਾਂਸਪੋਰਟ ਮੰਤਰੀ ਸ੍ਰੀ ਲਾਲਜੀਤ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਰਹੇ।
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਬਜ਼ੁਰਗਾਂ ਦਾ ਸਨਮਾਨ, ਦੇਖਭਾਲ ਅਤੇ ਸੁਰੱਖਿਆ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਜ਼ੁਰਗਾਂ ਨੂੰ ਬਿਹਤਰ ਸਿਹਤ ਸਹੂਲਤਾਂ, ਸਮਾਜਿਕ ਸੁਰੱਖਿਆ ਅਤੇ ਸਨਮਾਨਜਨਕ ਜੀਵਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪਾਂ ਰਾਹੀਂ ਬਜ਼ੁਰਗਾਂ ਨੂੰ ਇੱਕੋ ਥਾਂ ‘ਤੇ ਵੱਖ-ਵੱਖ ਸਰਕਾਰੀ ਸੇਵਾਵਾਂ ਦਾ ਲਾਭ ਮਿਲਦਾ ਹੈ। ਇਸ ਮੌਕੇ ਉਨ੍ਹਾਂ ਲਾਭਪਾਤਰੀਆਂ ਨੂੰ ਮਨਜ਼ੂਰੀ ਪੱਤਰ ਅਤੇ ਪੈਨਸ਼ਨ ਕਾਰਡ ਵੰਡੇ ਅਤੇ ਕਈ ਸੀਨੀਅਰ ਨਾਗਰਿਕਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਾਹੁਲ ਅਰੋੜਾ ਨੇ ਮੁਹਿੰਮ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਜ਼ੁਰਗਾਂ ਦੀ ਸਮਾਜਿਕ ਸੁਰੱਖਿਆ, ਸਿਹਤ ਸਹੂਲਤਾਂ ਅਤੇ ਕਾਨੂੰਨੀ ਸੁਰੱਖਿਆ ਯਕੀਨੀ ਬਣਾਉਣਾ ਵਿਭਾਗ ਦੀ ਪ੍ਰਾਥਮਿਕਤਾ ਹੈ। ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਬਜ਼ੁਰਗਾਂ ਨੂੰ ਨਿਯਮਿਤ ਸਿਹਤ ਜਾਂਚ, ਸੰਤੁਲਿਤ ਆਹਾਰ ਅਤੇ ਸਮੇਂ-ਸਿਰ ਦਵਾਈਆਂ ਲੈਣ ਦੀ ਸਲਾਹ ਦਿੱਤੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਉਪਲਬਧ ਮੁਫ਼ਤ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ।
ਸੀ.ਐਮ ਯੋਗਸ਼ਾਲਾ ਦੇ ਯੋਗ ਇੰਚਾਰਜ ਹਰਮਨਦੀਪ ਸਿੰਘ ਨੇ ਬਜ਼ੁਰਗਾਂ ਨੂੰ ਯੋਗ ਅਤੇ ਪ੍ਰਾਣਾਯਾਮ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਨਿਯਮਿਤ ਯੋਗ ਨਾਲ ਬਲੱਡ ਪ੍ਰੈਸ਼ਰ, ਜੋੜਾਂ ਦਾ ਦਰਦ ਅਤੇ ਤਣਾਅ ਘਟਦਾ ਹੈ। ਇਸ ਤੋਂ ਇਲਾਵਾ ਡਾ. ਨੀਰਜ ਲਤਾ ਅਤੇ ਐਡਵੋਕੇਟ ਰਣਕਰਨਬੀਰ ਸਿੰਘ ਨੇ ਵੀ ਬਜ਼ੁਰਗਾਂ ਨੂੰ ਸਿਹਤ ਸੰਭਾਲ ਅਤੇ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕ ਕੀਤਾ।
ਇਸ ਕੈਂਪ ਦੌਰਾਨ ਬਜ਼ੁਰਗਾਂ ਲਈ ਮੁਫ਼ਤ ਮੈਡੀਕਲ ਜਾਂਚ, ਦਵਾਈਆਂ, ਬੁਢਾਪਾ ਪੈਨਸ਼ਨ, ਸੀਨੀਅਰ ਸਿਟੀਜ਼ਨ ਕਾਰਡ ਅਤੇ ਕਾਨੂੰਨੀ ਸਲਾਹ ਲਈ ਵਿਸ਼ੇਸ਼ ਕਾਊਂਟਰ ਲਗਾਏ ਗਏ, ਜਿਸਦਾ ਵੱਡੀ ਗਿਣਤੀ ਵਿੱਚ ਬਜ਼ੁਰਗਾਂ ਨੇ ਲਾਹਾ ਲਿਆ।
Watch next news YouTube video
Comments are closed.