ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਵੱਲੋਂ 17 ਫਰਵਰੀ ਨੂੰ ਡੀ.ਸੀ. ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ — ਮੋਦੀ ਤੇ ਮੁੱਖ ਮੰਤਰੀ ਦੇ ਪੁਤਲੇ ਫੂਕੇ ਜਾਣਗੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੁਤਲੇ ਫੂਕਣ ਦਾ ਐਲਾਨ
ਮੋਰਿੰਡਾ — ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਵੱਲੋਂ 17 ਫਰਵਰੀ ਨੂੰ ਪੰਜਾਬ ਭਰ ਵਿੱਚ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੁਤਲੇ ਫੂਕੇ ਜਾਣਗੇ। ਇਹ ਐਲਾਨ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਪਰਾਲੀ ਨੇ ਕੀਤਾ।
ਇੱਥੇ ਹੋਈ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਪ੍ਰੀਤ ਸਿੰਘ ਪਪਰਾਲੀ ਦੀ ਪ੍ਰਧਾਨਗੀ ਹੇਠ ਆਯੋਜਿਤ ਹੋਈ। ਇਸ ਸਬੰਧੀ ਪ੍ਰੈੱਸ ਨੋਟ ਜਾਰੀ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਇਕਬਾਲ ਸਿੰਘ ਬੂਰਮਾਜਰਾ ਨੇ ਦੱਸਿਆ ਕਿ ਹਾਲ ਹੀ ਵਿੱਚ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ ਹਨ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ 2025 ਸੋਧ ਬਿਲ, ਬਾਹਰਲੇ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ (FTA) ਅਤੇ ਸੀਡ ਬਿਲ ਭਾਰਤੀ ਖੇਤੀ ਸੈਕਟਰ ਲਈ ਘਾਤਕ ਸਾਬਤ ਹੋ ਸਕਦੇ ਹਨ। ਇਨ੍ਹਾਂ ਨੀਤੀਆਂ ਨਾਲ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਜਿਵੇਂ ਡੇਅਰੀ ਫਾਰਮਿੰਗ ਅਤੇ ਪੋਲਟਰੀ ਫਾਰਮਿੰਗ ‘ਤੇ ਵੀ ਗੰਭੀਰ ਅਸਰ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਇਸ ਮਾਮਲੇ ‘ਚ ਚੁੱਪ ਧਾਰੇ ਹੋਈ ਹੈ ਅਤੇ ਕੇਂਦਰ ਸਰਕਾਰ ਦੇ ਫੈਸਲਿਆਂ ਨਾਲ ਸਹਿਮਤੀ ਜਤਾਉਂਦੀ ਨਜ਼ਰ ਆ ਰਹੀ ਹੈ।
ਇਸ ਮੌਕੇ ਕਿਸਾਨ ਆਗੂਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਉਠਾਇਆ। ਆਗੂਆਂ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਚੰਡੀਗੜ੍ਹ ਵਿੱਚ ਲੱਗੇ ਕੌਮੀ ਇਨਸਾਫ ਮੋਰਚੇ ਨੂੰ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਵੱਲੋਂ ਪੂਰਾ ਸਮਰਥਨ ਦਿੱਤਾ ਜਾਂਦਾ ਰਿਹਾ ਹੈ। ਇਸੇ ਲੜੀ ਤਹਿਤ 21 ਫਰਵਰੀ ਨੂੰ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਜੱਦੀ ਪਿੰਡ ਹਵਾਰਾ ਕਲਾਂ, ਤਹਿਸੀਲ ਖਮਾਣੋ, ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਵਿਸ਼ਾਲ ਪੰਥਕ ਇਕੱਠ ਕੀਤਾ ਜਾਵੇਗਾ, ਜਿਸ ਵਿੱਚ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗੀ।
ਆਗੂਆਂ ਨੇ ਕਿਹਾ ਕਿ ਕਈ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਅਜੇ ਤੱਕ ਰਿਹਾ ਨਹੀਂ ਕੀਤੇ ਗਏ ਅਤੇ ਨਾ ਹੀ ਉਨ੍ਹਾਂ ਨੂੰ ਪਰੋਲ ਦਿੱਤੀ ਜਾ ਰਹੀ ਹੈ, ਜਿਸ ਦੇ ਵਿਰੋਧ ਵਿੱਚ ਇਸ ਇਕੱਠ ਦੌਰਾਨ ਸਖ਼ਤ ਆਵਾਜ਼ ਉਠਾਈ ਜਾਵੇਗੀ।
ਇਸ ਮੌਕੇ ਮਾਸਟਰ ਬਲਿੰਦਰ ਸਿੰਘ ਡੁਮਛੇੜੀ, ਸਰਬਜੀਤ ਸਿੰਘ ਪਪਰਾਲੀ, ਗੁਰਪ੍ਰੀਤਪਾਲ ਸਿੰਘ ਗੁਣੀਆਂ, ਸੁਰਿੰਦਰ ਸਿੰਘ, ਮਲਕੀਤ ਸਿੰਘ, ਮਨਪ੍ਰੀਤ ਸਿੰਘ ਅਮਰਾਲੀ, ਹਰਿੰਦਰ ਸਿੰਘ, ਹਰਚਰਨ ਸਿੰਘ, ਸੁਖਵਿੰਦਰ ਸਿੰਘ ਚਤਾਮਲਾ, ਕੁਲਵੰਤ ਸਿੰਘ, ਕੁਲਦੀਪ ਸਿੰਘ, ਕੁਲਵੀਰ ਸਿੰਘ ਕਾਲਾ ਓਇੰਦ, ਧਰਮਿੰਦਰ ਸਿੰਘ, ਚਰਨਪ੍ਰੀਤ ਸਿੰਘ ਕਕਰਾਲੀ, ਉੱਦਮ ਸਿੰਘ ਸੇਖੋ, ਸਤਨਾਮ ਸਿੰਘ ਸਮਾਣਾ ਕਲਾਂ, ਬਿੱਟੂ ਸਮਾਣਾ ਕਲਾਂ, ਅਮਰੀਕ ਸਿੰਘ ਮੰਡਾਂ, ਕਸ਼ਮੀਰ ਸਿੰਘ ਲੁਠੇੜੀ, ਗੁਰਸੇਵਕ ਸਿੰਘ ਧਿਆਨਪੁਰ ਸਮੇਤ ਹੋਰ ਕਈ ਕਿਸਾਨ ਆਗੂ ਹਾਜ਼ਰ ਸਨ।
ਮੋਰਿੰਡਾ — ਕਰਨੈਲ ਜੀਤ
Comments are closed.