ਤਰਨ ਤਾਰਨ: ਲਾਅ ਕਾਲਜ ਵਿੱਚ ਵਿਦਿਆਰਥਣ ਦੀ ਗੋਲੀ ਮਾਰ ਕੇ ਹੱਤਿਆ, ਦੋਸ਼ੀ ਨੇ ਖੁਦਕੁਸ਼ੀ ਕੀਤੀ
ਰਿਪੋਰਟ: ਨਵਦੀਪ ਸੈਂਟੀ
ਤਰਨ ਤਾਰਨ/ਪੱਟੀ (ਨਵਦੀਪ ਸ਼ੈਂਟੀ) —
ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਉਸਮਾ ਵਿੱਚ ਸਥਿਤ ਲਾਅ ਕਾਲਜ ਵਿੱਚ ਅੱਜ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਨੌਜਵਾਨ ਨੇ ਕਾਲਜ ਵਿੱਚ ਪੜ੍ਹ ਰਹੀ ਲਾਅ ਦੀ ਵਿਦਿਆਰਥਣ ਸੰਦੀਪ ਕੌਰ (ਵਾਸੀ ਨੌਸ਼ਹਿਰਾ ਪੰਨੂਆਂ) ਦੇ ਸਿਰ ਵਿੱਚ ਗੋਲੀ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ। ਇਸ ਤੋਂ ਤੁਰੰਤ ਬਾਅਦ ਦੋਸ਼ੀ ਨੌਜਵਾਨ ਪ੍ਰਿੰਸ ਰਾਜ (ਵਾਸੀ ਮਲ੍ਹੀਆਂ) ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਜਾਣਕਾਰੀ ਅਨੁਸਾਰ, ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੰਦੀਪ ਕੌਰ ਕਾਲਜ ਦੀ ਕਲਾਸਰੂਮ ਵਿੱਚ ਮੌਜੂਦ ਸੀ। ਅਚਾਨਕ ਦੋਸ਼ੀ ਨੌਜਵਾਨ ਕਲਾਸ ਵਿੱਚ ਦਾਖ਼ਲ ਹੋਇਆ ਅਤੇ ਉਸਨੇ ਸੰਦੀਪ ਕੌਰ ’ਤੇ ਗੋਲੀ ਚਲਾ ਦਿੱਤੀ। ਗੋਲੀ ਸਿੱਧੀ ਉਸਦੇ ਸਿਰ ਵਿੱਚ ਲੱਗੀ, ਜਿਸ ਕਾਰਨ ਉਹ ਮੌਕੇ ’ਤੇ ਹੀ ਦਮ ਤੋੜ ਗਈ। ਇਸ ਤੋਂ ਬਾਅਦ ਦੋਸ਼ੀ ਨੇ ਖੁਦ ਨੂੰ ਵੀ ਗੋਲੀ ਮਾਰ ਲਈ।
ਘਟਨਾ ਤੋਂ ਬਾਅਦ ਸੰਦੀਪ ਕੌਰ ਦੀ ਮ੍ਰਿਤਕ ਦੇਹ ਕਲਾਸਰੂਮ ਵਿੱਚ ਹੀ ਪਈ ਰਹੀ, ਜਿਸ ਨਾਲ ਕਾਲਜ ਵਿੱਚ ਦਹਿਸ਼ਤ ਅਤੇ ਅਫ਼ਰਾਤਫ਼ਰੀ ਦਾ ਮਾਹੌਲ ਬਣ ਗਿਆ। ਵਿਦਿਆਰਥੀਆਂ ਅਤੇ ਸਟਾਫ਼ ਵਿੱਚ ਭਾਰੀ ਸਹਿਮ ਦੇਖਣ ਨੂੰ ਮਿਲਿਆ। ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ।
ਮ੍ਰਿਤਕ ਵਿਦਿਆਰਥਣ ਦੇ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਪਰਿਵਾਰ ਨੇ ਕਿਹਾ ਹੈ ਕਿ ਇਸ ਘਟਨਾ ਦੇ ਹਰ ਪੱਖ ਦੀ ਗੰਭੀਰ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਵੀ ਇਸ ਲਈ ਜ਼ਿੰਮੇਵਾਰ ਹੈ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਹੈਰਾਨੀ ਦੀ ਗੱਲ ਇਹ ਹੈ ਕਿ ਘਟਨਾ ਤੋਂ ਬਾਅਦ ਕਾਲਜ ਪ੍ਰਸ਼ਾਸਨ ਫਿਲਹਾਲ ਸਾਹਮਣੇ ਨਹੀਂ ਆ ਰਿਹਾ, ਜਿਸ ਕਾਰਨ ਕਈ ਸਵਾਲ ਖੜੇ ਹੋ ਰਹੇ ਹਨ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮਾਂ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ ਹੈ ਅਤੇ ਪੂਰੀ ਸੱਚਾਈ ਜਲਦੀ ਸਾਹਮਣੇ ਲਿਆਂਦੀ ਜਾਵੇਗੀ।
Watch our YouTube video
Comments are closed.