ਕਿਸਾਨਾਂ ਨੂੰ ਪੀਲੀ ਕੁੰਗੀ ਤੋਂ ਬਚਾਅ ਅਤੇ ਗਰਮ ਰੁੱਤ ਦੀਆਂ ਦਾਲਾਂ ਦੀ ਕਾਸ਼ਤ ਲਈ ਕੀਤਾ ਜਾਗਰੂਕ

ਕਣਕ ਦੀ ਕਟਾਈ ਤੋਂ ਬਾਅਦ ਮੂੰਗੀ ਦੀ ਫ਼ਸਲ ਲਗਾਉਣ ‘ਤੇ ਜ਼ੋਰ

ਖਡੂਰ ਸਾਹਿਬ, 12 ਫਰਵਰੀ — ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਡਾ. ਗੁਰਜੀਤ ਸਿੰਘ ਬਰਾੜ ਦੇ ਹੁਕਮਾਂ ਅਨੁਸਾਰ ਕਿਸਾਨਾਂ ਨੂੰ ਕਣਕ ‘ਚ ਪੀਲੀ ਕੁੰਗੀ ਬਿਮਾਰੀ ਤੋਂ ਬਚਾਅ ਅਤੇ ਗਰਮ ਰੁੱਤ ਦੀਆਂ ਦਾਲਾਂ ਮੂੰਗੀ ਤੇ ਮਾਂਹ ਦੀ ਕਾਸ਼ਤ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਇਸ ਮੁਹਿੰਮ ਤਹਿਤ ਤਰਨ ਤਾਰਨ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਤੇਜਬੀਰ ਸਿੰਘ ਭੰਗੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਖਡੂਰ ਸਾਹਿਬ ਵਿੱਚ ਖੇਤੀਬਾੜੀ ਅਫ਼ਸਰ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਟੀਮਾਂ ਵੱਲੋਂ ਪਿੰਡਾਂ ਦੇ ਦੌਰੇ ਕੀਤੇ ਜਾ ਰਹੇ ਹਨ।

ਇਸ ਦੌਰਾਨ ਡਾ. ਯਾਦਵਿੰਦਰ ਸਿੰਘ ਨੇ ਪਿੰਡ ਭਰੋਵਾਲ ਵਿੱਚ ਕਿਸਾਨਾਂ ਦੇ ਖੇਤਾਂ ਦਾ ਨਿਰੀਖਣ ਕਰਕੇ ਉਨ੍ਹਾਂ ਨੂੰ ਪੀਲੀ ਕੁੰਗੀ ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਦੋਂ ਕਣਕ ਦੇ ਪੱਤਿਆਂ ‘ਤੇ ਪੀਲੇ ਧੱਬੇ ਲੰਬੀਆਂ ਧਾਰੀਆਂ ਦੇ ਰੂਪ ‘ਚ ਦਿਖਾਈ ਦੇਣ ਅਤੇ ਉੱਪਰ ਪੀਲਾ (ਹਲਦੀ ਵਰਗਾ) ਧੂੜਾ ਨਜ਼ਰ ਆਵੇ, ਤਾਂ ਇਹ ਪੀਲੀ ਕੁੰਗੀ ਦਾ ਹਮਲਾ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਰਾਤ ਦਾ ਤਾਪਮਾਨ 7 ਤੋਂ 13 ਡਿਗਰੀ ਸੈਲਸੀਅਸ, ਦਿਨ ਦਾ ਤਾਪਮਾਨ 15 ਤੋਂ 24 ਡਿਗਰੀ ਸੈਲਸੀਅਸ ਅਤੇ ਹਵਾ ‘ਚ ਨਮੀ 85 ਤੋਂ 100 ਫੀਸਦੀ ਹੋਵੇ, ਤਾਂ ਬਿਮਾਰੀ ਫੈਲਣ ਦੀ ਸੰਭਾਵਨਾ ਵਧ ਜਾਂਦੀ ਹੈ। ਫਰਵਰੀ-ਮਾਰਚ ਦੌਰਾਨ ਤੇਜ਼ ਹਵਾਵਾਂ ਨਾਲ ਮੀਂਹ ਪੈਣ ‘ਤੇ ਬਿਮਾਰੀ ਤੇਜ਼ੀ ਨਾਲ ਵਧ ਸਕਦੀ ਹੈ।

ਪੀਲੀ ਕੁੰਗੀ ਦੀ ਰੋਕਥਾਮ ਲਈ ਉਨ੍ਹਾਂ ਸਲਾਹ ਦਿੱਤੀ ਕਿ ਸਿਫ਼ਾਰਸ਼ੀ ਦਵਾਈਆਂ—ਟੈਬੂਕੋਨਾਜ਼ੋਲ, ਟ੍ਰਾਈਫਲੋਕਸੀਸਟ੍ਰੋਬਿਨ + ਟੈਬੂਕੋਨਾਜ਼ੋਲ, ਸਾਇਪ੍ਰਾਕੋਨਾਜ਼ੋਲ, ਐਜ਼ੋਕਸੀਸਟ੍ਰੋਬਿਨ ਆਦਿ—ਨਿਰਧਾਰਤ ਮਾਤਰਾ ਅਨੁਸਾਰ ਪ੍ਰਤੀ ਏਕੜ 200 ਲੀਟਰ ਪਾਣੀ ‘ਚ ਘੋਲ ਕੇ ਸਪਰੇਅ ਕੀਤੀ ਜਾਵੇ।

ਡਾ. ਯਾਦਵਿੰਦਰ ਸਿੰਘ ਨੇ ਕਿਸਾਨਾਂ ਨੂੰ ਆਪਣੇ ਖੇਤਾਂ ਦਾ ਲਗਾਤਾਰ ਨਿਰੀਖਣ ਕਰਨ ਅਤੇ ਕਣਕ ਦੀ ਕਟਾਈ ਤੋਂ ਬਾਅਦ ਮੂੰਗੀ ਅਤੇ ਮਾਂਹ ਦੀ ਕਾਸ਼ਤ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦਾਲਾਂ ਦੀ ਕਾਸ਼ਤ ਨਾਲ ਫ਼ਸਲੀ ਚੱਕਰ ਸੁਧਰਦਾ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ।

ਉਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੇ ਵਟਸਐਪ ਗਰੁੱਪ “ਕਿਸਾਨ ਮਿੱਤਰ” ਨਾਲ ਜੁੜਨ ਦੀ ਅਪੀਲ ਕਰਦਿਆਂ ਸੰਪਰਕ ਨੰਬਰ 90415-00307 ‘ਤੇ ਸੰਪਰਕ ਕਰਨ ਲਈ ਕਿਹਾ। ਇਸ ਮੌਕੇ ਕਮਲਜੀਤ ਕੌਰ (ਸਹਾਇਕ ਟੈਕਨੋਲੋਜੀ ਮੈਨੇਜਰ), ਨਵਪ੍ਰੀਤ ਸਿੰਘ, ਨਿੰਦਰ ਸਿੰਘ, ਸਾਜਨਪ੍ਰੀਤ ਸਿੰਘ, ਜਸਵਿੰਦਰ ਸਿੰਘ, ਸ਼ਰਨਜੀਤ ਸਿੰਘ ਸਮੇਤ ਪਿੰਡ ਦੇ ਅਗਾਂਹਵਧੂ ਕਿਸਾਨ ਹਾਜ਼ਰ ਸਨ।

Comments are closed.