ਕਣਕ ਦੀ ਫ਼ਸਲ ਨੂੰ ਉੱਚ ਤਾਪਮਾਨ ਤੋਂ ਬਚਾਇਆ ਜਾਵੇ – ਡਾ. ਪਰਵਿੰਦਰ ਸਿੰਘ

ਤਰਨ ਤਾਰਨ, 19 ਫਰਵਰੀ : ਨਵਦੀਪ ਸਿੰਘ ਸ਼ੈਟੀ

ਪੰਜਾਬ ਵਿੱਚ ਲੱਗਭਗ 95 ਫ਼ੀਸਦੀ ਰਕਬੇ ‘ਤੇ ਕਣਕ ਦੀ ਮੌਜੂਦਾ ਸੀਜ਼ਨ ਵਿੱਚ ਬਿਜਾਈ 25 ਅਕਤੂਬਰ ਤੋਂ 15 ਨਵੰਬਰ ਤੱਕ ਕੀਤੀ ਗਈ ਸੀ, ਜੋ ਕਿ ਕਣਕ ਦੀ ਬਿਜਾਈ ਦਾ ਢੁੱਕਵਾਂ ਸਮਾਂ ਹੈ। ਕਣਕ, ਖਾਸ ਕਰਕੇ ਦਾਣੇ ਪੈਣ ਸਮੇਂ, ਉੱਚ ਤਾਪਮਾਨ ਲਈ ਵਧੇਰੇ ਸੰਵੇਦਨਸ਼ੀਲ ਹੈ। ਇਸ ਸਮੇਂ ਦਾਣਿਆਂ ਦੇ ਭਾਰ ਉੱਤੇ ਉੱਚ ਤਾਪਮਾਨ ਦਾ ਮਾੜਾ ਪ੍ਰਭਾਵ ਪੈਂਦਾ ਹੈ, ਜਿਸ ਦੇ ਨਤੀਜੇ ਵਜੋਂ ਕਣਕ ਦੇ ਝਾੜ ਅਤੇ ਗੁਣਵੱਤਾ ਵਿੱਚ ਗਿਰਾਵਟ ਆਉਂਦੀ ਹੈ। ਵੱਧ ਤਾਪਮਾਨ ਕਾਰਨ ਹਲਕੀ ਤੋਂ ਦਰਮਿਆਨੀ ਜਮੀਨ ‘ਤੇ ਬੀਜੀ ਅਗੇਤੀ ਕਣਕ ਦੀ ਫ਼ਸਲ ਜਲਦੀ ਸਿੱਟੇ ਕੱਢ ਲੈਂਦੀ ਹੈ ਅਤੇ ਪੱਕ ਜਾਂਦੀ ਹੈ, ਜਿਸ ਕਰਕੇ ਦਾਣੇ ਮਾੜੇ ਰਹਿ ਜਾਂਦੇ ਹਨ। ਫਰਵਰੀ 2026 ਦੇ ਦੂਜੇ ਹਫ਼ਤੇ ਵਿੱਚ ਪਿਛਲੇ ਸਾਲ ਨਾਲੋਂ ਤਾਪਮਾਨ 2-4 ਡਿਗਰੀ ਸੈਟੀਂਗਰੇਡ ਜ਼ਿਆਦਾ ਦੇਖਿਆ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਡਾ. ਪਰਵਿੰਦਰ ਸਿੰਘ, ਇੰਚਾਰਜ, ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਨੇ ਦੱਸਿਆ ਕਿ ਮੌਜੂਦਾ ਹਾਲਤਾਂ ਤਹਿਤ, ਡਾ ਮੱਖਣ ਸਿੰਘ ਭੁੱਲਰ ਨਿਰਦੇਸ਼ਕ ਪਸਾਰ ਸਿਖਿੱਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਕਣਕ ਦੀ ਫ਼ਸਲ ਨੂੰ ਹਲਕਾ ਪਾਣੀ ਲਗਾਇਆ ਜਾਵੇ। ਸਿੰਚਾਈ ਕਰਨ ਲੱਗਿਆਂ ਹਵਾ ਦੀ ਗਤੀ ਦਾ ਧਿਆਨ ਰੱਖਿਆ ਜਾਵੇ ਤਾਂ ਕਿ ਫ਼ਸਲ ਨੂੰ ਡਿੱਗਣ ਤੋਂ ਬਚਾਇਆ ਜਾ ਸਕੇ। ਡਾ. ਹਰੀ ਰਾਮ, ਮੁਖੀ, ਫ਼ਸਲ ਵਿਗਿਆਨ ਵਿਭਾਗ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਹੜੀ ਕਣਕ ਅਜੇ ਗੋਭ ਵਾਲੇ ਪੱਤੇ ‘ਤੇ ਹੈ, ਉਸ ਨੂੰ ਵੱਧ ਤਾਪਮਾਨ ਤੋਂ ਬਚਾਉਣ ਲਈ 2 ਫ਼ੀਸਦੀ ਪੋਟਾਸ਼ੀਅਮ ਨਾਈਟ੍ਰੇਟ (13:0:45) (4 ਕਿਲੋਗਰਾਮ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲਿਟਰ ਪਾਣੀ ਵਿੱਚ) ਪਹਿਲਾਂ ਸਪਰੇਅ ਗੋਭ ਵਾਲਾ ਪੱਤਾ ਨਿਕਲਣ ਅਤੇ ਦੂਜਾ ਬੂਰ ਪੈਣ ਸਮੇਂ ਕਰ ਸਕਦੇ ਹੋ। ਯਾਦ ਰਹੇ ਕਿ ਇਹ ਘੋਲ 200 ਲਿਟਰ ਦਾ ਬਣਇਆ ਜਾਵੇ ਅਤੇ ਸਪਰੇਅ ਸ਼ਾਮ ਦੇ ਸਮੇਂ ਕਰਨੀ ਚਾਹੀਦੀ ਹੈ।
ਇਨ੍ਹਾਂ ਸਿਫ਼ਾਰਸ਼ਾਂ ਦਾ ਸਮਰਥਨ ਕਰਦੇ ਹੋਏ ਡਾ. ਪਰਵਿੰਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਹਲਕੀ ਸਿੰਚਾਈ ਅਤੇ ਪੋਟਾਸ਼ੀਅਮ ਨਾਈਟ੍ਰੇਟ ਦੇ ਛਿੜਕਾਅ ਕਰਨ ਨਾਲ ਵੱਧਦੇ ਤਾਪਮਾਨ ਦੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ ਅਤੇ ਜ਼ਿਲ੍ਹੇ ਵਿੱਚ ਕਣਕ ਦੀ ਪੈਦਾਵਾਰ ਨੂੰ ਵਧਾਇਆ ਜਾ ਸਕਦਾ ਹੈ।

Comments are closed.