ਖੇਤੀਬਾੜੀ ਵਿਕਾਸ ਬੈਂਕ ਮੋਰਿੰਡਾ ਵੱਲੋਂ ਸਾਲਾਨਾ ਆਮ ਇਜਲਾਸ ਆਯੋਜਿਤ

ਲੋਕਾਂ ਦੀ ਸਹੂਲਤ ਲਈ ਕਰਜ਼ੇ ਦੀ ਲਿਮਟ ਵਧਾਉਣ ਦੀ ਮੰਗ • ਸਾਲਾਨਾ ਕਾਰਗੁਜ਼ਾਰੀ ਰਿਪੋਰਟ ਸਰਬਸੰਮਤੀ ਨਾਲ ਪਾਸ

ਮੋਰਿੰਡਾ, (24 ਮਾਰਚ / ਕਰਨੈਲ ਜੀਤ):
ਖੇਤੀਬਾੜੀ ਵਿਕਾਸ ਬੈਂਕ ਮੋਰਿੰਡਾ ਵੱਲੋਂ ਸਾਲਾਨਾ ਆਮ ਇਜਲਾਸ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਬੈਂਕ ਦੇ ਚੇਅਰਮੈਨ ਦਰਸ਼ਨ ਸਿੰਘ ਸੰਧੂ ਨੇ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੈਂਕ ਦੇ ਮੈਨੇਜਰ ਸੰਨਦੀਪਇੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਮੌਕੇ ਸਹਿਕਾਰਤਾ ਵਿਭਾਗ ਵੱਲੋਂ ਜ਼ਿਲ੍ਹਾ ਰੂਪਨਗਰ ਦੇ ਏ.ਜੀ.ਐਮ ਗਰੀਸ਼ ਮਿਤਲ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਬੈਂਕ ਵੱਲੋਂ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਬੈਂਕ ਦੀ ਸਾਲਾਨਾ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ, ਜਿਸਨੂੰ ਹਾਲ ਵਿੱਚ ਮੌਜੂਦ ਕਿਸਾਨਾਂ, ਗਾਹਕਾਂ ਅਤੇ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ।

ਇਸ ਮੌਕੇ ਬੈਂਕ ਦੇ ਵਾਇਸ ਚੇਅਰਮੈਨ ਕਰਨੈਲ ਸਿੰਘ ਜੀਤ ਨੇ ਇਜਲਾਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਬੈਂਕ 1958 ਵਿੱਚ ਉਸ ਸਮੇਂ ਹੋਂਦ ਵਿੱਚ ਆਇਆ ਸੀ, ਜਦੋਂ ਕਿਸਾਨ ਸ਼ਾਹੂਕਾਰਾਂ ਦੇ ਜਾਲ ਵਿੱਚ ਫਸੇ ਹੋਏ ਸਨ। ਬੈਂਕ ਦੀ ਸਥਾਪਨਾ ਨਾਲ ਕਿਸਾਨ ਖੁਸ਼ਹਾਲ ਅਤੇ ਆਤਮਨਿਰਭਰ ਬਣੇ। ਉਨ੍ਹਾਂ ਦੱਸਿਆ ਕਿ ਇਸ ਵੇਲੇ ਪੰਜਾਬ ਭਰ ਵਿੱਚ ਬੈਂਕ ਦੀਆਂ 93 ਸ਼ਾਖਾਵਾਂ ਲੋਕਾਂ ਦੀ ਸੇਵਾ ਕਰ ਰਹੀਆਂ ਹਨ।

ਉਨ੍ਹਾਂ ਪੰਜਾਬ ਸਰਕਾਰ ਵੱਲੋਂ ਲੋਕਾਂ ਲਈ 5 ਲੱਖ ਰੁਪਏ ਤੱਕ ਕਰਜ਼ੇ ਦੀ ਸਹੂਲਤ ਮੁੜ ਸ਼ੁਰੂ ਕਰਨ ਦੇ ਫੈਸਲੇ ਦੀ ਸਰਾਹਨਾ ਕਰਦਿਆਂ ਮੰਗ ਕੀਤੀ ਕਿ ਕਰਜ਼ੇ ਦੀ ਲਿਮਟ ਹੋਰ ਵਧਾਈ ਜਾਵੇ, ਤਾਂ ਜੋ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਆਪਣੇ ਕਾਰੋਬਾਰ ਸ਼ੁਰੂ ਕਰਕੇ ਆਪਣੇ ਪੈਰਾਂ ‘ਤੇ ਖੜੇ ਹੋ ਸਕਣ।

ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸਹਿਕਾਰਤਾ ਪ੍ਰੇਮੀ ਹਰਮਿੰਦਰ ਸਿੰਘ ਲੱਕੀ ਨੇ ਇਜਲਾਸ ਨੂੰ ਸੰਬੋਧਨ ਕਰਦਿਆਂ ਬੈਂਕ ਦੀ ਸਾਲਾਨਾ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਇਫਕੋ ਵੱਲੋਂ ਪਹੁੰਚੇ ਗੁਰਬੀਰ ਸਿੰਘ ਨੇ ਕਿਸਾਨਾਂ ਨੂੰ ਵੱਧ ਝਾੜ ਲਈ ਕੀਟਨਾਸ਼ਕ ਦਵਾਈਆਂ ਅਤੇ ਉੱਚ ਗੁਣਵੱਤਾ ਵਾਲੀਆਂ ਖਾਦਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਇਸ ਇਜਲਾਸ ਵਿੱਚ ਡਾਇਰੈਕਟਰ ਰਣਦੀਪ ਸਿੰਘ (ਸਰਪੰਚ ਢੰਗਰਾਲੀ), ਗੁਰਦੀਪ ਸਿੰਘ ਤੂਰ, ਗੁਰਮੇਲ ਸਿੰਘ ਚਤਾਮਲੀ, ਮੋਹਣ ਸਿੰਘ (ਰਾਮਗੜ੍ਹ ਮੰਡਾਂ), ਬੀਬੀ ਹਰਦੀਪ ਕੌਰ ਕੰਗ, ਰਾਜਪ੍ਰੀਤ ਕੌਰ ਬੱਲਾਂ, ਸਾਬਕਾ ਨਗਰ ਕੌਂਸਲ ਪ੍ਰਧਾਨ ਹਰੀਪਾਲ, ਸਰਪੰਚ ਦਲਵੀਰ ਸਿੰਘ ਮੂੰਡੀਆਂ, ਨਰਾਤਾ ਸਿੰਘ ਹਰਨੌਲੀ, ਬਲਵਿੰਦਰ ਸਿੰਘ ਸੰਧੂ, ਤੇਜਿੰਦਰ ਸਿੰਘ (ਬਲਾਕ ਸਮਿਤੀ ਮੈਂਬਰ), ਅਮਰਜੀਤ ਸਿੰਘ ਕੰਗ, ਧਰਮਪਾਲ ਥੱਮਣ, ਲਾਭ ਸਿੰਘ ਫੌਜੀ, ਕਾਮਰੇਡ ਕਾਕਾ ਰਾਮ, ਅਜੀਤ ਸਿੰਘ ਛਿੱਬਰ, ਰਾਜਵੰਤ ਕੌਰ, ਨਸੀਬ ਕੌਰ, ਭੂਸ਼ਨ ਕੁਮਾਰ, ਹਰਪ੍ਰੀਤ ਸਿੰਘ, ਸਰਬਜੀਤ ਸਿੰਘ ਸਮੇਤ ਕਈ ਕਿਸਾਨ ਆਗੂ ਅਤੇ ਪਤਵੰਤੇ ਸੱਜਣ ਮੌਜੂਦ ਸਨ।

Our YouTube video

Comments are closed.