ਅਕਾਲੀ ਦਲ ਦੇ ਹਲਕਾ ਇੰਚਾਰਜ ਹਰਮੋਹਨ ਸਿੰਘ ਸੰਧੂ ਨੇ ਮੋਰਿੰਡਾ ਵਿਖੇ ਖੋਲ੍ਹਿਆ ਪਾਰਟੀ ਦਫ਼ਤਰ
ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕੀਤਾ ਉਦਘਾਟਨ, ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਅਰਦਾਸ
16 ਮਾਰਚ / ਕਰਨੈਲ ਜੀਤ
ਮੋਰਿੰਡਾ : ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਚੋਣ ਸਰਗਰਮੀਆਂ ਦੀ ਸ਼ੁਰੂਆਤ ਕਰਦਿਆਂ ਅੱਜ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਇੰਚਾਰਜ ਅਤੇ ਅਕਾਲੀ ਦਲ (ਐਸ.ਸੀ. ਵਿੰਗ) ਦੇ ਜਨਰਲ ਸਕੱਤਰ ਸ. ਹਰਮੋਹਨ ਸਿੰਘ ਸੰਧੂ ਵੱਲੋਂ ਮੋਰਿੰਡਾ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਦਫ਼ਤਰ ਖੋਲ੍ਹਿਆ ਗਿਆ। ਇਸ ਦਫ਼ਤਰ ਦਾ ਉਦਘਾਟਨ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕੀਤਾ।
ਉਦਘਾਟਨ ਤੋਂ ਪਹਿਲਾਂ ਦਫ਼ਤਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਗਿਆਨੀ ਭਾਗ ਸਿੰਘ ਗੁਰਦੁਆਰਾ ਸ਼ਹੀਦਗੰਜ ਸਾਹਿਬ ਮੋਰਿੰਡਾ ਵਾਲਿਆਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਭਾਈ ਨਰਿੰਦਰ ਸਿੰਘ ਚਮਕੌਰ ਸਾਹਿਬ ਵਾਲਿਆਂ ਦੇ ਜਥੇ ਵੱਲੋਂ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹਲਕਾ ਚਮਕੌਰ ਸਾਹਿਬ ਦੇ ਇੰਚਾਰਜ ਹਰਮੋਹਨ ਸਿੰਘ ਸੰਧੂ ਵੱਲੋਂ ਪਾਰਟੀ ਦਫ਼ਤਰ ਦਾ ਉਦਘਾਟਨ ਹੋਣਾ ਪਾਰਟੀ ਲਈ ਮਹੱਤਵਪੂਰਨ ਅਤੇ ਖੁਸ਼ੀ ਦਾ ਮੌਕਾ ਹੈ। ਇਹ ਨਾ ਸਿਰਫ਼ ਸੰਗਠਨ ਦੀ ਮਜ਼ਬੂਤੀ ਦਾ ਪ੍ਰਤੀਕ ਹੈ, ਸਗੋਂ ਲੋਕਾਂ ਤੱਕ ਪਾਰਟੀ ਦੀ ਪਹੁੰਚ ਨੂੰ ਹੋਰ ਮਜ਼ਬੂਤ ਕਰਨ ਵਾਲਾ ਕਦਮ ਵੀ ਹੈ।
ਉਹਨਾਂ ਕਿਹਾ ਕਿ ਹਲਕਾ ਸ਼੍ਰੀ ਚਮਕੌਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਸ਼ਹੀਦਾਂ ਦੀ ਚਰਨ ਛੋਹ ਪ੍ਰਾਪਤ ਅਤੇ ਕੁਰਬਾਨੀਆਂ ਭਰੇ ਇਤਿਹਾਸ ਵਾਲਾ ਪੰਥਕ ਹਲਕਾ ਹੈ, ਜਿਸਦੀ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਤਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਜੋ ਸਿੱਖ ਪੰਥ ਅਤੇ ਪੰਜਾਬੀ ਮਾਣ ਦੀ ਰਾਖੀ ਲਈ ਸਦਾ ਅੱਗੇ ਰਿਹਾ ਹੈ, ਅੱਜ ਵੀ ਉਸੇ ਤਰ੍ਹਾਂ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ।
ਡਾ. ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਕਾਂਗਰਸ, ਆਮ ਆਦਮੀ ਪਾਰਟੀ ਅਤੇ ਹੋਰਨਾਂ ਰਾਜਨੀਤਿਕ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਾ ਹੈ ਅਤੇ ਲੋਕ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇਖਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਹਲਕਾ ਸ਼੍ਰੀ ਚਮਕੌਰ ਸਾਹਿਬ ਦਾ ਚਹੁੰਮੁਖੀ ਵਿਕਾਸ ਕੀਤਾ ਜਾਵੇਗਾ ਅਤੇ ਪਾਣੀ ਦੀ ਸਪਲਾਈ, ਸੜਕਾਂ ਦੀ ਮੁਰੰਮਤ, ਰੋਜ਼ਗਾਰ ਅਤੇ ਖੇਤੀਬਾੜੀ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।
ਇਸ ਮੌਕੇ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਇੰਚਾਰਜ ਸ. ਹਰਮੋਹਨ ਸਿੰਘ ਸੰਧੂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੇ ਇਲਾਕਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇੱਕ ਆਗੂ ਵਜੋਂ ਨਹੀਂ ਸਗੋਂ ਇੱਕ ਸੇਵਾਦਾਰ ਵਜੋਂ ਹਲਕੇ ਦੇ ਲੋਕਾਂ ਦੀ ਸੇਵਾ ਕਰਨਗੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ-ਇੱਕ ਅਜਿਹੀ ਪਾਰਟੀ ਹੈ ਜੋ ਪੰਜਾਬੀਆਂ ਦੇ ਹੱਕਾਂ ਲਈ ਹਮੇਸ਼ਾ ਲੜਦੀ ਰਹੀ ਹੈ ਅਤੇ ਅੱਗੇ ਵੀ ਲੜਦੀ ਰਹੇਗੀ।
ਉਹਨਾਂ ਕਿਹਾ ਕਿ ਇਹ ਦਫ਼ਤਰ ਸਿਰਫ਼ ਰਾਜਨੀਤਿਕ ਗਤੀਵਿਧੀਆਂ ਲਈ ਨਹੀਂ ਸਗੋਂ ਲੋਕਾਂ ਦੀ ਸੇਵਾ ਦਾ ਕੇਂਦਰ ਵੀ ਬਣੇਗਾ। ਉਹਨਾਂ ਸਮੂਹ ਪੰਜਾਬੀਆਂ ਨੂੰ ਅਕਾਲੀ ਦਲ ਨਾਲ ਜੁੜ ਕੇ ਪੰਜਾਬ ਨੂੰ ਮਜ਼ਬੂਤ ਬਣਾਉਣ ਦੀ ਅਪੀਲ ਕੀਤੀ।
ਇਸ ਮੌਕੇ ਐਸ.ਜੀ.ਪੀ.ਸੀ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ, ਜਥੇਦਾਰ ਪਰਮਜੀਤ ਸਿੰਘ ਲੱਖੇਵਾਲ, ਜਥੇਦਾਰ ਅਵਤਾਰ ਸਿੰਘ ਰੀਆ ਬਸੀ ਪਠਾਣਾ, ਹਰਜਤਿੰਦਰ ਸਿੰਘ ਪਵਾਤ (ਐਸ.ਜੀ.ਪੀ.ਸੀ ਮੈਂਬਰ ਸਮਰਾਲਾ), ਹਰਜੋਤ ਸਿੰਘ ਮਾਂਗਟ ਜ਼ਿਲ੍ਹਾ ਪਰਿਸ਼ਦ ਮੈਂਬਰ, ਸੀਨੀਅਰ ਅਕਾਲੀ ਆਗੂ ਸਾਹਿਬ ਸਿੰਘ ਬਡਾਲੀ, ਪਰਵਿੰਦਰ ਸਿੰਘ ਸੁਹਾਣਾ ਜ਼ਿਲ੍ਹਾ ਪ੍ਰਧਾਨ ਮੋਹਾਲੀ, ਜਗਮੀਤ ਸਿੰਘ ਲੁਧਿਆਣਾ, ਦਲਬਾਰਾ ਸਿੰਘ ਬਾਲਾ ਜ਼ਿਲ੍ਹਾ ਪ੍ਰਧਾਨ ਰੋਪੜ, ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਮਾਨ, ਮਿਲਕ ਪਲਾਂਟ ਮੋਹਾਲੀ ਦੇ ਸਾਬਕਾ ਚੇਅਰਮੈਨ ਬਲਦੇਵ ਸਿੰਘ ਚੱਕਲ ਅਤੇ ਸੀਨੀਅਰ ਅਕਾਲੀ ਆਗੂ ਜਗਪਾਲ ਸਿੰਘ ਜੌਲੀ ਸਮੇਤ ਕਈ ਆਗੂਆਂ ਨੇ ਵੀ ਸੰਬੋਧਨ ਕੀਤਾ।
ਇਸ ਤੋਂ ਇਲਾਵਾ ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਛੋਟੂ, ਸਾਬਕਾ ਕੌਂਸਲਰ ਜਗਵਿੰਦਰ ਸਿੰਘ ਪੰਮੀ, ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਸਾਬਕਾ ਸਰਪੰਚ ਸੁਰਜੀਤ ਸਿੰਘ ਤਾਜਪੁਰਾ, ਸਰਪੰਚ ਦਵਿੰਦਰ ਸਿੰਘ ਮਝੈਲ, ਅਮਨ ਕੰਗ, ਹਰਪ੍ਰੀਤ ਸਿੰਘ ਸੰਗਤਪੁਰਾ, ਕੌਂਸਲਰ ਅੰਮ੍ਰਿਤਪਾਲ ਸਿੰਘ ਖਟੜਾ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਜੁਝਾਰ ਸਿੰਘ ਮਾਵੀ, ਸੀਨੀਅਰ ਆੜਤੀ ਆਗੂ ਮਨਦੀਪ ਸਿੰਘ ਰੌਣੀ, ਯੂਥ ਆਗੂ ਧਰਮਿੰਦਰ ਸਿੰਘ ਕੋਟਲੀ, ਉਧਮ ਸਿੰਘ ਰਾਣਾ, ਬਲਜੀਤ ਸਿੰਘ ਅਰਨੌਲੀ, ਪਰਮਿੰਦਰ ਸਿੰਘ ਬਿੱਟੂ ਕੰਗ, ਜਰਨੈਲ ਸਿੰਘ ਸੱਖੋ ਮਾਜਰਾ, ਗੁਰਪ੍ਰੀਤ ਸਿੰਘ ਬਾਠ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ ਸਮੇਤ ਕਈ ਆਗੂ ਹਾਜ਼ਰ ਸਨ।
Comments are closed.