ਅਮਿਤ ਸ਼ਾਹ ਦੀ ਮੋਗਾ ਰੈਲੀ ਨੂੰ ਲੈ ਕੇ ਪੰਜਾਬ ਭਰ ਵਿੱਚ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਰੋਸ ਪ੍ਰਦਰਸ਼ਨ
ਮੋਰਿੰਡਾ ਦੇ ਚੁੰਨੀ ਚੌਂਕ ਵਿੱਚ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ, ਵੱਖ-ਵੱਖ ਆਗੂਆਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਕੀਤਾ ਵਿਰੋਧ
14 ਮਾਰਚ / ਕਰਨੈਲ ਜੀਤ
ਮੋਰਿੰਡਾ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ ਰੈਲੀ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਕੌਮੀ ਇਨਸਾਫ਼ ਮੋਰਚਾ ਅਤੇ ਹੋਰ ਮਜ਼ਦੂਰ-ਮੁਲਾਜ਼ਮ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ। ਇਸੇ ਲੜੀ ਤਹਿਤ ਅੱਜ ਮੋਰਿੰਡਾ ਵਿੱਚ ਕਿਸਾਨ-ਮਜ਼ਦੂਰ ਮੋਰਚੇ ਵੱਲੋਂ ਭਾਜਪਾ ਸਰਕਾਰ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਆਉਣ ਦੇ ਵਿਰੋਧ ਵਿੱਚ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਸਵਰਨ ਸਿੰਘ ਢੰਗਰਾਲੀ ਦੀ ਅਗਵਾਈ ਹੇਠ ਮੋਰਿੰਡਾ ਦੇ ਚੁੰਨੀ ਚੌਂਕ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦਾ ਇਕੱਠ ਹੋਇਆ। ਇਸ ਦੌਰਾਨ ਦਿੱਲੀ ਅਤੇ ਪੰਜਾਬ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ ਅਤੇ ਅਮਿਤ ਸ਼ਾਹ ਦੇ ਪੁਤਲੇ ਸਮੇਤ ਬਿਜਲੀ ਸੋਧ ਬਿੱਲ 2025 ਸਮੇਤ ਵਿਰੋਧੀ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਗਈਆਂ।
ਇਸ ਮੌਕੇ ਸੰਬੋਧਨ ਕਰਦਿਆਂ ਸਵਰਨ ਸਿੰਘ ਢੰਗਰਾਲੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਹਿੱਤਾਂ ਦੇ ਵਿਰੁੱਧ ਨੀਤੀਆਂ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਿਸਾਨ ਮੋਰਚੇ ਦੌਰਾਨ ਲੰਬੇ ਸੰਘਰਸ਼ ਤੋਂ ਬਾਅਦ ਰੱਦ ਕਰਵਾਏ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਹੁਣ ਨਵੇਂ ਨਾਂਅ ਨਾਲ ਦੁਬਾਰਾ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਬਿਜਲੀ ਸੋਧ ਬਿੱਲ 2025, ਬੀਜ ਬਿੱਲ ਅਤੇ ਭਾਰਤ-ਅਮਰੀਕਾ ਕਰ ਮੁਕਤ ਸਮਝੌਤੇ ਵਿੱਚ ਖੇਤੀ ਅਤੇ ਦੁੱਧ ਦੀਆਂ ਵਸਤੂਆਂ ਸ਼ਾਮਲ ਕਰਨ ਨੂੰ ਵੀ ਕਿਸਾਨ ਵਿਰੋਧੀ ਕਦਮ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਅਜੇ ਤੱਕ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਅਤੇ ਨਾ ਹੀ ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਦਿੱਤੀ ਹੈ। ਉਨ੍ਹਾਂ ਸੰਭੂ-ਖਨੌਰੀ ਬਾਰਡਰਾਂ ’ਤੇ ਕਿਸਾਨ ਮੋਰਚੇ ਵਿਰੁੱਧ ਕੀਤੀ ਗਈ ਪੁਲਿਸ ਕਾਰਵਾਈ ਦੀ ਵੀ ਨਿੰਦਾ ਕੀਤੀ।
ਇਸ ਮੌਕੇ ਇੰਪਲਾਈਜ਼ ਫੈਡਰੇਸ਼ਨ ਏਟਕ ਪਾਵਰਕੌਮ ਮੋਰਿੰਡਾ ਦੇ ਪ੍ਰਧਾਨ ਤਰਨਜੀਤ ਸਿੰਘ ਘੜੂੰਆਂ ਅਤੇ ਪਾਵਰਕੌਮ-ਟਰਾਂਸਕੋ ਮੋਰਿੰਡਾ ਦੇ ਸਰਕਲ ਪ੍ਰਧਾਨ ਜੰਗ ਸਿੰਘ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ-ਮਜ਼ਦੂਰ ਮੋਰਚਾ ਉਨ੍ਹਾਂ ਦੇ ਸੰਘਰਸ਼ ਦਾ ਭਾਈਵਾਲ ਹੈ ਅਤੇ ਸਾਂਝੀਆਂ ਮੰਗਾਂ ਲਈ ਸਾਂਝਾ ਸੰਘਰਸ਼ ਜਾਰੀ ਰਹੇਗਾ।
ਰੋਸ ਪ੍ਰਦਰਸ਼ਨ ਦੌਰਾਨ ਅਮਰੀਕ ਸਿੰਘ ਸੋਹੀ, ਰਣਧੀਰ ਸਿੰਘ, ਅਮਰਜੀਤ ਸਿੰਘ ਨਥਮੱਲਪੁਰ, ਲਖਵਿੰਦਰ ਸਿੰਘ, ਸੱਜਣ ਸਿੰਘ, ਚਰਨਜੀਤ ਸਿੰਘ ਬਡਵਾਲੀ, ਬਲਜਿੰਦਰ ਸਿੰਘ ਵਿਰਕ, ਰਾਜਵਿੰਦਰ ਸਿੰਘ ਕੰਗ, ਰਣਜੀਤਪੁਰਾ, ਸਤਨਾਮ ਸਿੰਘ ਸਿੱਧੂ ਮੋਰਿੰਡਾ, ਕੁਲਵੀਰ ਸਿੰਘ, ਜਸਵੀਰ ਸਿੰਘ, ਸੁਰਿੰਦਰ ਸਿੰਘ ਦਾਤਾਰਪੁਰ, ਧਰਮਪਾਲ ਸਿੰਘ ਬੂਰਮਾਜਰਾ, ਸੁਰਿੰਦਰ ਸਿੰਘ ਰਸੂਲਪੁਰ, ਓਂਕਾਰ ਸਿੰਘ, ਗੁਰਦੀਪ ਸਿੰਘ, ਸਮਸ਼ੇਰ ਸਿੰਘ, ਬਲਜੀਤ ਸਿੰਘ, ਸੁਰਜੀਤ ਸਿੰਘ ਸਰਾਓ, ਅਰਸ਼ਪ੍ਰੀਤ ਸਿੰਘ ਅਤੇ ਰਣਜੋਧ ਸਿੰਘ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ ਅਤੇ ਸਰਗਰਮ ਭਾਗ ਲਿਆ।
ਇਸੇ ਦੌਰਾਨ ਮੋਗਾ ਵਿੱਚ ਭਾਜਪਾ ਵੱਲੋਂ ਕਰਵਾਈ ਗਈ ਰੈਲੀ ਦੌਰਾਨ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚੇ ਤਾਂ ਕੌਮੀ ਇਨਸਾਫ਼ ਮੋਰਚੇ ਦੇ ਜਥੇ ਨੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ, ਪਰ ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਪਹਿਲਾਂ ਹੀ ਰੋਕ ਲਿਆ। ਮੋਰਚੇ ਦੇ ਆਗੂਆਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਵੱਖ-ਵੱਖ ਕੇਸਾਂ ਵਿੱਚ ਸਜ਼ਾ ਕੱਟ ਚੁੱਕੇ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
ਇਸੇ ਤਰ੍ਹਾਂ ਰਾਜਪੁਰਾ ਵਿਖੇ ਵੀ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਬੁਟਾ ਸਿੰਘ ਖਰਾਜਪੁਰ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਅਮਿਤ ਸ਼ਾਹ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸੇ ਤਰ੍ਹਾਂ ਪੰਜਾਬ ਦੇ ਹੋਰ ਕਈ ਸ਼ਹਿਰਾਂ ਵਿੱਚ ਵੀ ਰੋਸ ਪ੍ਰਦਰਸ਼ਨ ਹੋਣ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ।
Comments are closed.