ਤਰਨ ਤਾਰਨ ਵਿੱਚ ਫੂਡ ਸੇਫਟੀ ਟੀਮ ਵੱਲੋਂ ਸਟ੍ਰੀਟ ਫੂਡ ਵੇਚਣ ਵਾਲਿਆਂ ਦੀ ਅਚਾਨਕ ਚੈਕਿੰਗ

ਮੋਮੋਜ਼, ਚਾਪ, ਸਪਰਿੰਗ ਰੋਲ ਸਮੇਤ 10 ਨਮੂਨੇ ਲੈਬ ਭੇਜੇ, ਸਫਾਈ ਅਤੇ ਗੁਣਵੱਤਾ ਬਾਰੇ ਦਿੱਤੀਆਂ ਸਖ਼ਤ ਹਦਾਇਤਾਂ

ਤਰਨ ਤਾਰਨ, 18 ਮਾਰਚ: ਨਵਦੀਪ ਸੈਂਟੀ
ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਅਤੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੇ ਨਿਰਦੇਸ਼ਾਂ ਅਨੁਸਾਰ ਫੂਡ ਸੇਫਟੀ ਵਿੰਗ ਤਰਨ ਤਾਰਨ ਦੀ ਸਾਂਝੀ ਟੀਮ ਵੱਲੋਂ ਸਟ੍ਰੀਟ ਫੂਡ ਵੇਚਣ ਵਾਲਿਆਂ ਦੀ ਅਚਾਨਕ ਚੈਕਿੰਗ ਕੀਤੀ ਗਈ। ਇਹ ਮੁਹਿੰਮ ਡਾ. ਸੁਖਬੀਰ ਕੌਰ, ਜ਼ਿਲ੍ਹਾ ਸਿਹਤ ਅਧਿਕਾਰੀ ਦੀ ਅਗਵਾਈ ਹੇਠ ਚਲਾਈ ਗਈ।

ਇਸ ਟੀਮ ਵਿੱਚ ਐਫ.ਐਸ.ਓ ਅਸ਼ਵਨੀ ਕੁਮਾਰ, ਐਫ.ਐਸ.ਓ ਸਾਕਸ਼ੀ ਖੋਸਲਾ ਅਤੇ ਮਿਊਂਸਪਲ ਕਮੇਟੀ ਦਫ਼ਤਰ ਤੋਂ ਮੋਹਿਤ ਧਵਨ ਸ਼ਾਮਲ ਸਨ। ਟੀਮ ਨੇ ਚੱਬਲ, ਗੱਗੂਭੂਆ, ਸੁਰਸਿੰਘ ਅਤੇ ਭਿਖੀਵਿੰਡ ਖੇਤਰਾਂ ਵਿੱਚ ਵੱਖ-ਵੱਖ ਸਟ੍ਰੀਟ ਫੂਡ ਸਟਾਲਾਂ ਦੀ ਜਾਂਚ ਕੀਤੀ।

ਚੈਕਿੰਗ ਦੌਰਾਨ ਐਫ.ਐਸ.ਐਸ.ਏ.ਆਈ. ਦੀਆਂ ਹਦਾਇਤਾਂ ਅਨੁਸਾਰ ਫੂਡ ਬਿਜ਼ਨਸ ਓਪਰੇਟਰਾਂ (FBOs) ਨੂੰ ਸਫਾਈ ਅਤੇ ਸੁਰੱਖਿਆ ਬਾਰੇ ਜਾਗਰੂਕ ਕੀਤਾ ਗਿਆ। ਇਸ ਦੌਰਾਨ ਮੋਮੋਜ਼, ਚਾਪ, ਸਪਰਿੰਗ ਰੋਲ ਅਤੇ ਵੱਖ-ਵੱਖ ਸੌਸ ਦੇ ਕੁੱਲ 10 ਨਮੂਨੇ ਇਕੱਠੇ ਕਰਕੇ ਖਰੜ ਲੈਬ ਵਿੱਚ ਜਾਂਚ ਲਈ ਭੇਜੇ ਗਏ।

ਜ਼ਿਲ੍ਹਾ ਸਿਹਤ ਅਧਿਕਾਰੀ ਵੱਲੋਂ ਸਾਰੇ ਫੂਡ ਕਾਰੋਬਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਉਹ ਆਪਣੇ ਕਾਰਟ ਅਤੇ ਸਟਾਲ ਸਾਫ਼-ਸੁਥਰੇ ਰੱਖਣ, ਗੁਣਵੱਤਾ ਵਾਲਾ ਕੱਚਾ ਮਾਲ ਵਰਤਣ ਅਤੇ ਮਨਜ਼ੂਰਸ਼ੁਦਾ ਭੋਜਨ ਰੰਗਾਂ ਦੀ ਹੀ ਵਰਤੋਂ ਕਰਨ। ਤਿਆਰ ਭੋਜਨ ਨੂੰ ਧੂੜ ਅਤੇ ਮੱਖੀਆਂ ਤੋਂ ਬਚਾ ਕੇ ਢੱਕ ਕੇ ਰੱਖਣ ਅਤੇ ਸਿਰਫ਼ ਢੱਕੇ ਹੋਏ ਡੱਬਿਆਂ ਦੀ ਵਰਤੋਂ ਕਰਨ ਲਈ ਕਿਹਾ ਗਿਆ।

ਵਧਦੇ ਤਾਪਮਾਨ ਨੂੰ ਧਿਆਨ ਵਿੱਚ ਰੱਖਦਿਆਂ ਹਦਾਇਤ ਕੀਤੀ ਗਈ ਕਿ ਭੋਜਨ ਪਦਾਰਥ ਤਾਜ਼ਾ ਤਿਆਰ ਕਰਕੇ ਹੀ ਵੇਚੇ ਜਾਣ ਅਤੇ ਖਾਣੇ ਨੂੰ 5 ਡਿਗਰੀ ਸੈਲਸੀਅਸ ਤੋਂ ਘੱਟ ਜਾਂ 65 ਡਿਗਰੀ ਤੋਂ ਵੱਧ ਤਾਪਮਾਨ ‘ਤੇ ਸੰਭਾਲਿਆ ਜਾਵੇ। ਇਸ ਤੋਂ ਇਲਾਵਾ ਖਾਣਾ ਬਣਾਉਣ ਵਾਲੇ ਤੇਲ ਨੂੰ ਦੁਬਾਰਾ ਵਰਤਣ ਤੋਂ ਬਚਣ ਅਤੇ ਐਫ.ਐਸ.ਐਸ.ਏ.ਆਈ. ਰਜਿਸਟ੍ਰੇਸ਼ਨ ਜਾਂ ਲਾਇਸੈਂਸ ਲਾਜ਼ਮੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੁਰੱਖਿਅਤ ਅਤੇ ਗੁਣਵੱਤਾ ਵਾਲਾ ਭੋਜਨ ਪ੍ਰਦਾਨ ਕਰਨ ਲਈ ਇਹ ਮੁਹਿੰਮ ਆਗਾਮੀ ਸਮੇਂ ਵਿੱਚ ਵੀ ਜਾਰੀ ਰਹੇਗੀ ਅਤੇ ਅਚਾਨਕ ਚੈਕਿੰਗ ਵੀ ਕੀਤੀ ਜਾਵੇਗੀ।

Comments are closed.