ਤਰਨ ਤਾਰਨ ਵਿੱਚ ਭੇਦਭਰੇ ਹਾਲਾਤਾਂ ਵਿੱਚ ਸਕੇ ਭੈਣ-ਭਰਾ ਦੀ ਮੌਤ, ਇਲਾਕੇ ਵਿੱਚ ਸੋਗ ਦੀ ਲਹਿਰ
ਰਾਤ ਨੂੰ ਮੋਮੋਜ਼ ਅਤੇ ਚਾਪ ਖਾਣ ਤੋਂ ਬਾਅਦ ਵਿਗੜੀ ਤਬੀਅਤ; ਪੁਲਿਸ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਕੇ ਜਾਂਚ ਕੀਤੀ ਸ਼ੁਰੂ
ਤਰਨ ਤਾਰਨ, 8 ਮਾਰਚ (ਨਵਦੀਪ ਸੈਂਟੀ): ਤਰਨ ਤਾਰਨ ਸ਼ਹਿਰ ਵਿੱਚ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕੋ ਪਰਿਵਾਰ ਦੇ ਦੋ ਮਾਸੂਮ ਬੱਚਿਆਂ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਮਿਲੀ ਹੈ।
ਮਿਲੀ ਜਾਣਕਾਰੀ ਅਨੁਸਾਰ ਤਰਨ ਤਾਰਨ ਦੀ ਗਲੀ ਡੀਐਸਪੀ ਵਾਲੀ ਵਿੱਚ ਰਹਿੰਦੀ ਨੇਹਾ ਪਤਨੀ ਵਿਸ਼ਾਲ ਦੇ ਦੋ ਬੱਚਿਆਂ ਦੀ ਅਚਾਨਕ ਤਬੀਅਤ ਵਿਗੜ ਜਾਣ ਕਾਰਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਮੁਤਾਬਕ ਬੱਚਿਆਂ ਨੇ ਰਾਤ ਵੇਲੇ ਮੋਮੋਜ਼ ਅਤੇ ਚਾਪ ਖਾਧੇ ਸਨ, ਜਿਸ ਤੋਂ ਬਾਅਦ ਉਹਨਾਂ ਦੀ ਤਬੀਅਤ ਖ਼ਰਾਬ ਹੋ ਗਈ ਅਤੇ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਹਾਲਤ ਨਾਜ਼ੁਕ ਹੋਣ ਕਾਰਨ ਦੋਵੇਂ ਬੱਚਿਆਂ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ।
ਮ੍ਰਿਤਕ ਬੱਚੇ ਸਕੇ ਭੈਣ-ਭਰਾ ਦੱਸੇ ਜਾ ਰਹੇ ਹਨ। ਲੜਕੀ ਦੀ ਪਹਿਚਾਣ ਦਨਿਕਾ (ਉਮਰ 9 ਸਾਲ) ਅਤੇ ਲੜਕੇ ਦੀ ਪਹਿਚਾਣ ਅਰਿਵ (ਉਮਰ 6 ਸਾਲ) ਵਜੋਂ ਹੋਈ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਣਾਂ ਬਾਰੇ ਸਪੱਸ਼ਟ ਹੋ ਸਕੇਗਾ ਅਤੇ ਉਸ ਅਧਾਰ ’ਤੇ ਅਗਲੀ
ਕਾਰਵਾਈ ਕੀਤੀ ਜਾਵੇਗੀ।
Comments are closed.