ਕੁਰਾਲੀ ਵਿੱਚ ਜਨਗਣਨਾ 2027 ਦੇ ਪਹਿਲੇ ਪੜਾਅ ਦੌਰਾਨ ਟੀਮ ਵੱਲੋਂ ਲੋਕਾਂ ਨੂੰ ਸਵੈ-ਗਣਨਾ ਬਾਰੇ ਕੀਤਾ ਜਾਗਰੂਕ

ਸਾਬਕਾ ਕੌਂਸਲਰ ਬਹਾਦਰ ਸਿੰਘ ਦੇ ਪਰਿਵਾਰ ਰਾਹੀਂ ਵਾਰਡ ਵਾਸੀਆਂ ਨੂੰ ਡਿਜੀਟਲ ਜਨਗਣਨਾ ਪ੍ਰਕਿਰਿਆ ਦੀ ਦਿੱਤੀ ਜਾਣਕਾਰੀ

📍ਮੋਹਾਲੀ, 5 ਮਈ (ਪੁਸ਼ਪਿੰਦਰ ਸਿੰਘ ਕੁਰਾਲੀ):
ਭਾਰਤ ਸਰਕਾਰ ਵੱਲੋਂ ‘ਸਾਡੀ ਜਨਗਣਨਾ, ਸਾਡਾ ਵਿਕਾਸ’ ਦੇ ਨਾਅਰੇ ਹੇਠ ਦੇਸ਼ ਭਰ ਵਿੱਚ ਜਨਗਣਨਾ 2027 ਦੀ ਪ੍ਰਕਿਰਿਆ ਦਾ ਆਗਾਜ਼ ਕਰ ਦਿੱਤਾ ਗਿਆ ਹੈ। ਇਸੇ ਲੜੀ ਤਹਿਤ ਅੱਜ ਕੁਰਾਲੀ ਦੇ ਵਾਰਡ ਨੰਬਰ 9 ਵਿੱਚ ਫੀਲਡ ਟ੍ਰੇਨਰਾਂ ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਗਈ। ਮਾਸਟਰ ਮਨਮੋਹਨ ਸਿੰਘ ਅਤੇ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਟੀਮ ਨੇ ਵਾਰਡ ਨੰਬਰ 10 ਦੇ ਸਾਬਕਾ ਕੌਂਸਲਰ ਬਹਾਦਰ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਪਰਿਵਾਰ ਅਤੇ ਇਲਾਕਾ ਵਾਸੀਆਂ ਨੂੰ ਡਿਜੀਟਲ ਮਾਧਿਅਮ ਰਾਹੀਂ ਹੋਣ ਵਾਲੀ ‘ਸਵੈ-ਗਣਨਾ’ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ।

ਫੀਲਡ ਟ੍ਰੇਨਰਾਂ ਨੇ ਦੱਸਿਆ ਕਿ ਇਸ ਵਾਰ ਸਰਕਾਰ ਵੱਲੋਂ ਜਨਗਣਨਾ ਨੂੰ ਹੋਰ ਸੁਖਾਲਾ ਅਤੇ ਪਾਰਦਰਸ਼ੀ ਬਣਾਉਣ ਲਈ ਡਿਜੀਟਲ ਸਹੂਲਤ ਦਿੱਤੀ ਗਈ ਹੈ। ਹੁਣ ਲੋਕ ਆਪਣੇ ਮੋਬਾਈਲ ਜਾਂ ਕੰਪਿਊਟਰ ਰਾਹੀਂ ਪੋਰਟਲ ‘ਤੇ ਜਾ ਕੇ ਖੁਦ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਣਕਾਰੀ ਦਰਜ ਕਰ ਸਕਣਗੇ। ਇਸ ਨਾਲ ਨਾ ਸਿਰਫ ਸਮੇਂ ਦੀ ਬਚਤ ਹੋਵੇਗੀ, ਸਗੋਂ ਡਾਟਾ ਪ੍ਰੋਸੈਸਿੰਗ ਵਿੱਚ ਵੀ ਤੇਜ਼ੀ ਆਵੇਗੀ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਪੰਜਾਬ ਵਿੱਚ ਇਸ ਪ੍ਰਕਿਰਿਆ ਨੂੰ ਦੋ ਮੁੱਖ ਪੜਾਵਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਪੜਾਅ 30 ਅਪ੍ਰੈਲ ਤੋਂ 14 ਮਈ ਤੱਕ ਅਤੇ ਦੂਜਾ ਪੜਾਅ 15 ਮਈ ਤੋਂ 13 ਜੂਨ ਤੱਕ ਚੱਲੇਗਾ।

ਟੀਮ ਨੇ ਸਪੱਸ਼ਟ ਕੀਤਾ ਕਿ ਸਵੈ-ਗਣਨਾ ਕਰਨ ਤੋਂ ਬਾਅਦ ਨਾਗਰਿਕਾਂ ਨੂੰ ਇੱਕ ਐਸ.ਐਚ.ਆਈ.ਡੀ. (SHID) ਪ੍ਰਾਪਤ ਹੋਵੇਗੀ, ਜਿਸਨੂੰ ਸੰਭਾਲ ਕੇ ਰੱਖਣਾ ਲਾਜ਼ਮੀ ਹੈ। ਜਦੋਂ ਜਨਗਣਨਾ ਅਧਿਕਾਰੀ (ਇਨਯੂਮੇਟਰ) ਘਰ ਆਉਣਗੇ ਤਾਂ ਇਹ ਆਈ.ਡੀ. ਦਿਖਾ ਕੇ ਜਾਣਕਾਰੀ ਦੀ ਪੁਸ਼ਟੀ ਕੀਤੀ ਜਾ ਸਕੇਗੀ। ਜਿਹੜੇ ਲੋਕ ਆਨਲਾਈਨ ਗਣਨਾ ਨਹੀਂ ਕਰ ਸਕਣਗੇ, ਉਨ੍ਹਾਂ ਲਈ ਗਣਨਾਕਾਰ ਖੁਦ ਘਰ ਆ ਕੇ ਵੇਰਵੇ ਦਰਜ ਕਰਨਗੇ।

ਇਸ ਮੌਕੇ ਸਾਬਕਾ ਕੌਂਸਲਰ ਬਹਾਦਰ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਾਰਡ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਜਨਗਣਨਾ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ, ਤਾਂ ਜੋ ਦੇਸ਼ ਦੇ ਵਿਕਾਸ ਲਈ ਸਹੀ ਅੰਕੜੇ ਇਕੱਠੇ ਕੀਤੇ ਜਾ ਸਕਣ। ਉਨ੍ਹਾਂ ਭਰੋਸਾ ਦਿੱਤਾ ਕਿ ਨਾਗਰਿਕਾਂ ਵੱਲੋਂ ਦਿੱਤੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਅਤੇ ਸੁਰੱਖਿਅਤ ਰੱਖੀ ਜਾਵੇਗੀ।

Comments are closed.