ਵਿਸ਼ਵ ਵਾਤਾਵਰਣ ਦਿਵਸ, ਸਵੱਛ ਪਿੰਡ-ਸਵੱਛ ਜਲਵਾਯੂ ਅਤੇ ਸੌਲਿਡ ਵੇਸਟ ਮੈਨੇਜਮੈਂਟ ਨਿਯਮਾਂ ਸਬੰਧੀ ਅਹਿਮ ਮੀਟਿੰਗ
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ, 5 ਜੂਨ ਨੂੰ ਪਿੰਡਾਂ ਵਿੱਚ ਵਿਸ਼ੇਸ਼ ਗ੍ਰਾਮ ਸਭਾਵਾਂ ਕਰਵਾਉਣ ਦੇ ਨਿਰਦੇਸ਼
ਤਰਨ ਤਾਰਨ, 3 ਜੂਨ: ਨਵਦੀਪ ਸੈਂਟੀ
ਵਿਸ਼ਵ ਵਾਤਾਵਰਣ ਦਿਵਸ-2026, ‘ਸਵੱਛ ਪਿੰਡ-ਸਵੱਛ ਜਲਵਾਯੂ’ ਮੁਹਿੰਮ ਅਤੇ ਸੌਲਿਡ ਵੇਸਟ ਮੈਨੇਜਮੈਂਟ ਰੂਲਜ਼-2026 ਸਬੰਧੀ ਅੱਜ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਨੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਸੌਲਿਡ ਵੇਸਟ ਮੈਨੇਜਮੈਂਟ ਰੂਲਜ਼-2026 ਸਬੰਧੀ ਜਾਰੀ ਹਦਾਇਤਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਘਰੇਲੂ ਅਤੇ ਸਮੁਦਾਇਕ ਪੱਧਰ ‘ਤੇ ਕੂੜੇ ਦੀ ਚਾਰ ਤਰੀਕਿਆਂ ਨਾਲ ਛਾਂਟੀ (ਸੈਗਰੀਗੇਸ਼ਨ) ਕੀਤੀ ਜਾਵੇਗੀ। ਇਸ ਵਿੱਚ ਗਿੱਲਾ ਕੂੜਾ, ਸੁੱਕਾ ਕੂੜਾ, ਸੈਨੇਟਰੀ ਕੂੜਾ ਅਤੇ ਵਿਸ਼ੇਸ਼ ਧਿਆਨ ਵਾਲਾ ਕੂੜਾ ਸ਼ਾਮਲ ਹੋਵੇਗਾ।
ਉਨ੍ਹਾਂ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ (ਬੀ.ਡੀ.ਪੀ.ਓ.) ਨੂੰ ਹਦਾਇਤ ਕੀਤੀ ਕਿ ਪੇਂਡੂ ਖੇਤਰਾਂ ਵਿੱਚ ਮੌਜੂਦ ਬਲਕ ਵੇਸਟ ਜਨਰੇਟਰਾਂ ਜਿਵੇਂ ਹੋਟਲਾਂ, ਪੈਲੇਸਾਂ, ਹਸਪਤਾਲਾਂ, ਧਰਮਸ਼ਾਲਾਵਾਂ, ਸਕੂਲਾਂ, ਕਾਲਜਾਂ, ਧਾਰਮਿਕ ਸਥਾਨਾਂ, ਅਪਾਰਟਮੈਂਟਾਂ ਅਤੇ ਸੋਸਾਇਟੀਆਂ ਦੀ ਸੂਚੀ ਤਿਆਰ ਕੀਤੀ ਜਾਵੇ, ਜਿੱਥੇ ਰੋਜ਼ਾਨਾ 100 ਕਿਲੋਗ੍ਰਾਮ ਜਾਂ ਇਸ ਤੋਂ ਵੱਧ ਕੂੜਾ ਪੈਦਾ ਹੁੰਦਾ ਹੈ।
ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ 5 ਜੂਨ 2026 ਨੂੰ ਵਿਸ਼ਵ ਵਾਤਾਵਰਣ ਦਿਵਸ ਮੌਕੇ ਜ਼ਿਲ੍ਹੇ ਦੀਆਂ ਸਮੂਹ ਗ੍ਰਾਮ ਪੰਚਾਇਤਾਂ ਵਿੱਚ ਵਿਸ਼ੇਸ਼ ਗ੍ਰਾਮ ਸਭਾਵਾਂ ਦਾ ਆਯੋਜਨ ਕੀਤਾ ਜਾਵੇ। ਇਨ੍ਹਾਂ ਗ੍ਰਾਮ ਸਭਾਵਾਂ ਵਿੱਚ ਸਰਪੰਚਾਂ, ਪੰਚਾਂ ਅਤੇ ਪਿੰਡ ਵਾਸੀਆਂ ਨੂੰ ਸੌਲਿਡ ਵੇਸਟ ਮੈਨੇਜਮੈਂਟ ਰੂਲਜ਼-2026 ਬਾਰੇ ਜਾਗਰੂਕ ਕੀਤਾ ਜਾਵੇ ਅਤੇ ਇਨ੍ਹਾਂ ਨਿਯਮਾਂ ਨੂੰ ਪਿੰਡਾਂ ਵਿੱਚ ਲਾਗੂ ਕਰਨ ਲਈ ਮਤੇ ਪਾਸ ਕੀਤੇ ਜਾਣ।
ਸੁਰਿੰਦਰ ਸਿੰਘ ਨੇ ਪੰਚਾਇਤੀ ਰਾਜ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਹਰੇਕ ਜੂਨੀਅਰ ਇੰਜੀਨੀਅਰ ਨੂੰ ਇੱਕ-ਇੱਕ ਪਿੰਡ ਗੋਦ ਲੈ ਕੇ ਸੌਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਨੂੰ ਗਤੀਸ਼ੀਲ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ।
ਮੀਟਿੰਗ ਵਿੱਚ ਉਪ ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਪ੍ਰੀਸ਼ਦ ਦਵਿੰਦਰ ਸਿੰਘ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਪਿਆਰ ਸਿੰਘ, ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਪੰਚਾਇਤੀ ਰਾਜ ਵਿਭਾਗ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਅਤੇ ਜ਼ਿਲ੍ਹਾ ਪੱਧਰੀ ਸਟਾਫ਼ ਹਾਜ਼ਰ ਸਨ।
Comments are closed.