ਜਲ ਸਪਲਾਈ ਸਕੀਮਾਂ ‘ਤੇ ਵੱਧ ਤੋਂ ਵੱਧ ਰੁੱਖ ਲਗਾਏ ਜਾਣ: ਕਾਰਤਿਕ ਵਰਮਾਨੀ

ਵਿਸ਼ਵ ਵਾਤਾਵਰਣ ਦਿਵਸ ਮੌਕੇ ‘ਇਕ ਰੁੱਖ ਮਾਂ ਦੇ ਨਾਮ’ ਮੁਹਿੰਮ ਤਹਿਤ ਪਿੰਡ ਕੱਕਾ ਕੰਡਿਆਲਾ ਵਿਖੇ ਪੌਦਾ ਲਗਾ ਕੇ ਕੀਤੀ ਸ਼ੁਰੂਆਤ

ਤਰਨ ਤਾਰਨ, 5 ਜੂਨ: ਨਵਦੀਪ ਸ਼ੈਂਟੀ

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਉਪ ਮੰਡਲ ਇੰਜੀਨੀਅਰ ਕਾਰਤਿਕ ਵਰਮਾਨੀ ਵੱਲੋਂ ਵਿਸ਼ਵ ਵਾਤਾਵਰਣ ਦਿਵਸ-2026 ਦੇ ਮੌਕੇ ‘ਤੇ ‘ਇਕ ਰੁੱਖ ਮਾਂ ਦੇ ਨਾਮ’ ਮੁਹਿੰਮ ਤਹਿਤ ਪਿੰਡ ਕੱਕਾ ਕੰਡਿਆਲਾ, ਬਲਾਕ ਤਰਨ ਤਾਰਨ ਵਿਖੇ ਪੌਦਾ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।

ਇਸ ਮੌਕੇ ਉਨ੍ਹਾਂ ਸਮੂਹ ਜੂਨੀਅਰ ਇੰਜੀਨੀਅਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਆਉਂਦੀਆਂ ਜਲ ਸਪਲਾਈ ਸਕੀਮਾਂ ‘ਤੇ ਵੱਧ ਤੋਂ ਵੱਧ ਰੁੱਖ ਲਗਾਉਣ, ਤਾਂ ਜੋ ਜਲ ਸਪਲਾਈ ਸਕੀਮਾਂ ਦਾ ਵਾਤਾਵਰਣ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਸੁਹਾਵਣਾ ਬਣਿਆ ਰਹੇ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਪੰਪ ਆਪਰੇਟਰਾਂ ਅਤੇ ਫੀਲਡ ਸਟਾਫ਼ ਦਾ ਪੂਰਾ ਸਹਿਯੋਗ ਲਿਆ ਜਾਵੇ।

ਉਨ੍ਹਾਂ ਸਮੂਹ ਪਿੰਡ ਵਾਸੀਆਂ ਨੂੰ ਸਾਫ਼ ਅਤੇ ਸ਼ੁੱਧ ਪੀਣ ਯੋਗ ਪਾਣੀ ਦੀ ਸੁਚੱਜੀ ਵਰਤੋਂ ਅਤੇ ਸੰਭਾਲ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਲੋਕਾਂ ਨੂੰ ਵੱਧ ਤੋਂ ਵੱਧ ਫੁੱਲਦਾਰ ਅਤੇ ਫਲਦਾਰ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ, ਤਾਂ ਜੋ ਆਲਾ-ਦੁਆਲਾ ਹਰਿਆ-ਭਰਿਆ ਰਹੇ ਅਤੇ ਵਾਤਾਵਰਣ ਸ਼ੁੱਧ ਤੇ ਸੁਹਾਵਣਾ ਬਣ ਸਕੇ।

ਇਸ ਮੌਕੇ ਤਰਲੋਚਨ ਸਿੰਘ, ਕੋਮਲਜੀਤ ਸਿੰਘ ਲੋਧੀ, ਲੱਕੀ ਨਾਗਪਾਲ, ਹਰਪ੍ਰਤਾਪ ਸਿੰਘ ਹੁੰਦਲ (ਜੂਨੀਅਰ ਇੰਜੀਨੀਅਰ) ਅਤੇ ਹੋਰ ਪਤਵੰਤੇ ਹਾਜ਼ਰ ਸਨ।

Comments are closed.