ਪਿੰਡ ਸਿੰਘਪੁਰਾ ਵਿੱਚ ਚਾਰ ਰੋਜ਼ਾ ਫੁਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ

ਪਿੰਡ ਚਤਾਮਲੀ ਦੀ ਟੀਮ ਨੇ ਮੇਜ਼ਬਾਨ ਸਿੰਘਪੁਰਾ ਨੂੰ ਹਰਾਕੇ ਜਿੱਤਿਆ ਇੱਕ ਲੱਖ ਰੁਪਏ ਦਾ ਇਨਾਮ; ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ

ਕੁਰਾਲੀ, 8 ਮਾਰਚ (ਪੁਸ਼ਪਿੰਦਰ ਸਿੰਘ): ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਸਿੰਘਪੁਰਾ ਵਿਖੇ ਸਵ. ਕਰਮ ਸਿੰਘ ਯੁਵਕ ਸੇਵਾਵਾਂ ਕਲੱਬ ਵੱਲੋਂ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ. ਚਰਨ ਸਿੰਘ ਦੀ ਯਾਦ ਵਿੱਚ ਸ਼ਾਨਦਾਰ ਚਾਰ ਰੋਜ਼ਾ ਪੇਂਡੂ ਫੁਟਬਾਲ ਟੂਰਨਾਮੈਂਟ ਕਰਵਾਇਆ ਗਿਆ।
ਕਲੱਬ ਪ੍ਰਬੰਧਕਾਂ ਦੀ ਦੇਖ-ਰੇਖ ਹੇਠ ਕਰਵਾਏ ਇਸ ਟੂਰਨਾਮੈਂਟ ਵਿੱਚ ਇਲਾਕੇ ਦੀਆਂ ਕਰੀਬ 32 ਟੀਮਾਂ ਨੇ ਭਾਗ ਲਿਆ। ਅੱਜ ਅਖੀਰਲੇ ਦਿਨ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ ਅਤੇ ਪ੍ਰਬੰਧਕਾਂ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ।
ਇਸ ਦੌਰਾਨ ਫਾਈਨਲ ਮੈਚ ਪਿੰਡ ਸਿੰਘਪੁਰਾ ਅਤੇ ਪਿੰਡ ਚਤਾਮਲੀ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ। ਫਾਈਨਲ ਮੈਚ ਦਾ ਉਦਘਾਟਨ ਵਿਸ਼ੇਸ਼ ਮੁੱਖ ਮਹਿਮਾਨ ਵਜੋਂ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ।
ਇਸ ਮੌਕੇ ਬੈਂਸ ਨੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨ ਲਈ ਖੇਡਾਂ ਬਹੁਤ ਮਹੱਤਵਪੂਰਨ ਹਨ। ਸਰਕਾਰ ਵੱਲੋਂ ਖੇਡ ਮੈਦਾਨਾਂ ਦੇ ਵਿਕਾਸ, ਖਿਡਾਰੀਆਂ ਨੂੰ ਸਹੂਲਤਾਂ ਅਤੇ ਇਨਾਮ ਮੁਹੱਈਆ ਕਰਵਾਉਣ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ।
ਫਾਈਨਲ ਦੇ ਰੋਮਾਂਚਕ ਮੈਚ ਵਿੱਚ ਦੋਵੇਂ ਟੀਮਾਂ ਬਰਾਬਰੀ ’ਤੇ ਰਹੀਆਂ। ਇਸ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਲਗਵਾਈਆਂ ਗਈਆਂ ਪੈਨਲਟੀ ਕਿਕਾਂ ਰਾਹੀਂ ਪਿੰਡ ਚਤਾਮਲੀ ਦੀ ਟੀਮ ਨੇ ਪਿੰਡ ਸਿੰਘਪੁਰਾ ਦੀ ਟੀਮ ਨੂੰ ਹਰਾਕੇ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਅਤੇ ਟਰਾਫੀ ਜਿੱਤੀ।
ਜੇਤੂ ਟੀਮ ਨੂੰ ਇਨਾਮਾਂ ਦੀ ਵੰਡ ਸੀਨੀਅਰ ਅਕਾਲੀ ਆਗੂ ਅਰਵਿੰਦਰ ਸਿੰਘ ਪੈਂਟਾਂ ਅਤੇ ਪ੍ਰਬੰਧਕਾਂ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ।
ਇਸ ਮੌਕੇ ਪ੍ਰਿੰਸੀਪਲ ਕੁਲਦੀਪ ਸਿੰਘ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਜੈਲਦਾਰ, ਸਾਬਕਾ ਸਰਪੰਚ ਜਗਨਾਹਰ ਸਿੰਘ, ਸਾਬਕਾ ਸਰਪੰਚ ਸਾਧੂ ਸਿੰਘ, ਬਲਕਾਰ ਸਿੰਘ ਪੰਚ, ਧੀਰਾ ਲਾਡਰਾਂ, ਸ਼ਮਸ਼ੇਰ ਸਿੰਘ ਫੌਜੀ ਸਮੇਤ ਇਲਾਕੇ ਦੇ ਮੁਹਤਬਰ ਆਗੂ ਹਾਜ਼ਰ ਸਨ।

Comments are closed.