ਚਾਰ ਹੋਰ ਨਾਗਰਿਕਾਂ ਨੂੰ ਦਿੱਤੀ ਢੋਹ ਪਡਿਆਲਾ ਦੀ ਪ੍ਰਭ ਆਸਰਾ ਸੰਸਥਾ ਨੇ

ਲਾਵਾਰਿਸ ਅਤੇ ਬੇਸਹਾਰਾ ਲੋਕਾਂ ਨੂੰ ਇਲਾਜ ਤੇ ਸਾਂਭ-ਸੰਭਾਲ ਲਈ ਸੰਸਥਾ ਵਿੱਚ ਕਰਵਾਇਆ ਦਾਖਲ

ਮੁਹਾਲੀ/ਕੁਰਾਲੀ, 8 ਮਾਰਚ (ਪੁਸ਼ਪਿੰਦਰ ਸਿੰਘ ਕੁਰਾਲੀ): ਪਿੰਡ ਪਡਿਆਲਾ ਸਥਿਤ ਲਾਵਾਰਿਸ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾ ਵਿੱਚ ਚਾਰ ਹੋਰ ਲਾਵਾਰਿਸ ਨਾਗਰਿਕਾਂ ਨੂੰ ਸ਼ਰਨ ਦਿੱਤੀ ਗਈ ਹੈ।

ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਨੇ ਦੱਸਿਆ ਕਿ ਆਦਰੀ ਦੇਵੀ (62), ਜੋ ਕਿ ਮਾਨਸਿਕ ਰੋਗ ਤੋਂ ਪੀੜਿਤ ਹੋਣ ਕਰਕੇ ਕੁਰਾਲੀ ਦੀਆਂ ਸੜਕਾਂ ’ਤੇ ਲਾਵਾਰਿਸ ਹਾਲਤ ਵਿੱਚ ਰੁਲ ਰਹੀ ਸੀ, ਬਾਰੇ ਸਮਾਜ ਸੇਵੀ ਸੱਜਣਾਂ ਵੱਲੋਂ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਪ੍ਰਸ਼ਾਸਨ ਵੱਲੋਂ ਉਸ ਨੂੰ ਇਲਾਜ ਅਤੇ ਸਾਂਭ-ਸੰਭਾਲ ਲਈ ਪ੍ਰਭ ਆਸਰਾ ਸੰਸਥਾ ਵਿੱਚ ਦਾਖਲ ਕਰਵਾਇਆ ਗਿਆ।

ਇਸੇ ਤਰ੍ਹਾਂ ਅਨੁਪਮਾ ਸ੍ਰੀਵਾਸਤਵ (37), ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਘੜੂਆਂ ਵਿੱਚ ਨੌਕਰੀ ਕਰ ਰਹੀ ਸੀ, ਦੀ ਅਚਾਨਕ ਮਾਨਸਿਕ ਸਥਿਤੀ ਵਿਗੜ ਗਈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਉਸ ਦੇ ਪਿਤਾ ਅੱਖਾਂ ਦੀ ਰੋਸ਼ਨੀ ਤੋਂ ਵਾਂਝੇ ਹਨ ਅਤੇ ਉਹ ਉਸ ਦੀ ਦੇਖਭਾਲ ਕਰਨ ਤੋਂ ਅਸਮਰੱਥ ਹਨ। ਪਰਿਵਾਰ ਵਿੱਚ ਹੋਰ ਕੋਈ ਸੰਭਾਲ ਕਰਨ ਵਾਲਾ ਨਾ ਹੋਣ ਕਰਕੇ ਪ੍ਰਸ਼ਾਸਨ ਅਤੇ ਯੂਨੀਵਰਸਿਟੀ ਦੇ ਪ੍ਰਬੰਧਕਾਂ ਵੱਲੋਂ ਉਸ ਨੂੰ ਇਲਾਜ ਅਤੇ ਸਾਂਭ-ਸੰਭਾਲ ਲਈ ਪ੍ਰਭ ਆਸਰਾ ਸੰਸਥਾ ਵਿੱਚ ਦਾਖਲ ਕਰਵਾਇਆ ਗਿਆ।
ਇਸੇ ਤਰ੍ਹਾਂ ਮੰਜੂ (61) ਨਾਮਕ ਇਕ ਔਰਤ, ਜਿਸ ਦੀ ਮਾਨਸਿਕ ਹਾਲਤ ਠੀਕ ਨਾ ਹੋਣ ਕਰਕੇ ਉਹ ਪਿੰਡ ਕੰਡਾਲਾ (ਮੋਹਾਲੀ) ਦੀਆਂ ਸੜਕਾਂ ’ਤੇ ਲਾਵਾਰਿਸ ਹਾਲਤ ਵਿੱਚ ਮਿਲੀ। ਮੋਹਾਲੀ ਪੁਲਿਸ ਵੱਲੋਂ ਉਸ ਨੂੰ ਇਲਾਜ ਅਤੇ ਸਾਂਭ-ਸੰਭਾਲ ਲਈ ਪ੍ਰਭ ਆਸਰਾ ਸੰਸਥਾ ਵਿੱਚ ਦਾਖਲ ਕਰਵਾਇਆ ਗਿਆ।

ਇਸ ਤੋਂ ਇਲਾਵਾ ਅਨਿਲ ਨਾਮਕ ਵਿਅਕਤੀ ਦਾ ਚੰਡੀਗੜ੍ਹ ਸੜਕ ’ਤੇ ਐਕਸੀਡੈਂਟ ਹੋ ਗਿਆ ਸੀ, ਜਿਸ ਨੂੰ ਇਕ ਸਮਾਜ ਸੇਵੀ ਵੱਲੋਂ ਚੰਡੀਗੜ੍ਹ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ। ਪੀਜੀਆਈ ਵਿੱਚ ਉਸ ਦੀ ਸਾਂਭ-ਸੰਭਾਲ ਕਰਨ ਵਾਲਾ ਕੋਈ ਨਾ ਹੋਣ ਕਰਕੇ ਹਸਪਤਾਲ ਪ੍ਰਬੰਧਨ ਵੱਲੋਂ ਉਸ ਦੀ ਲੱਤ ਦਾ ਓਪਰੇਸ਼ਨ ਕਰਕੇ ਉਸ ਨੂੰ ਅਗਲੇ ਇਲਾਜ ਅਤੇ ਦੇਖਭਾਲ ਲਈ ਪ੍ਰਭ ਆਸਰਾ ਸੰਸਥਾ ਵਿੱਚ ਦਾਖਲ ਕਰਵਾ ਦਿੱਤਾ ਗਿਆ।

ਸੰਸਥਾ ਦੇ ਪ੍ਰਬੰਧਕਾਂ ਨੇ ਅਪੀਲ ਕੀਤੀ ਹੈ ਕਿ ਜੇਕਰ ਉਕਤ ਪੀੜਤਾਂ ਨੂੰ ਕੋਈ ਪਛਾਣਦਾ ਹੋਵੇ ਤਾਂ ਉਹ ਪ੍ਰਭ ਆਸਰਾ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ।

Comments are closed.