ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਡਾ. ਅੰਬਰੀਨ ਗਰਗ ਸੀ.ਟੀ. ਸਕੈਨ ਸਪੇਸ਼ਲਿਸਟ ਸਨਮਾਨਿਤ

ਸਵਰਨਕਾਰ ਸਮਾਜ ਪੰਜਾਬ ਵੱਲੋਂ ਫੁੱਲਾਂ ਦੇ ਹਾਰ ਅਤੇ ਦੋਸ਼ਾਲਾ ਭੇਟ ਕਰਕੇ ਕੀਤਾ ਸਨਮਾਨ

ਕੁਰਾਲੀ, 8 ਮਾਰਚ (ਪੁਸ਼ਪਿੰਦਰ ਸਿੰਘ): ਅੰਤਰਰਾਸ਼ਟਰੀ ਮਹਿਲਾ ਦਿਵਸ 2026 ਦੇ ਸ਼ੁਭ ਮੌਕੇ ’ਤੇ ਸਵਰਨਕਾਰ ਸਮਾਜ ਪੰਜਾਬ ਰਜਿ. ਵੱਲੋਂ ਮਹਿਲਾਵਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਦੀਆਂ ਉਪਲਬਧੀਆਂ ਨੂੰ ਨਮਨ ਕਰਦਿਆਂ ਸਥਾਨਕ ਡਾ. ਅੰਬਰੀਨ ਗਰਗ, ਸੀ.ਟੀ. ਸਕੈਨ ਸਪੇਸ਼ਲਿਸਟ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਵਰਨਕਾਰ ਸਮਾਜ ਪੰਜਾਬ ਦੇ ਸੂਬਾ ਪ੍ਰਧਾਨ ਹੇਮਰਾਜ ਵਰਮਾ ਅਤੇ ਸੂਬਾ ਜਨਰਲ ਸਕੱਤਰ ਅੰਮ੍ਰਿਤ ਵਰਮਾ ਨੇ ਸਾਂਝੇ ਤੌਰ ’ਤੇ ਡਾ. ਅੰਬਰੀਨ ਗਰਗ (ਪਤਨੀ ਡਾ. ਦਵਿੰਦਰ ਗੁਪਤਾ, ਆਰਥੋ ਸਪੇਸ਼ਲਿਸਟ) ਨੂੰ ਕਾਂਤਾ ਦੇਵੀ ਸਹਿਤ ਫੁੱਲਾਂ ਦੇ ਹਾਰ ਅਤੇ ਦੋਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ। ਇਸ ਦੌਰਾਨ ਲੱਡੂਆਂ ਨਾਲ ਮੁੰਹ ਵੀ ਮਿੱਠਾ ਕਰਵਾਇਆ ਗਿਆ।

ਮਹਿਲਾ ਦਿਵਸ ਦੇ ਮੌਕੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਜ ਦੀ ਨਾਰੀ ਸਸ਼ਕਤੀਕਰਨ ਦੀ ਉੱਚੀ ਉਡਾਣ ਭਰ ਰਹੀ ਹੈ ਅਤੇ ਦੇਸ਼ ਦੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਨਾਰੀ ਸ਼ਕਤੀ ਨੂੰ ਸਲਾਮ ਕਰਦੇ ਹਾਂ ਅਤੇ ਉਨ੍ਹਾਂ ਦੇ ਹੋਂਸਲੇ ਤੇ ਦ੍ਰਿੜਤਾ ਦੀ ਸਰਾਹਨਾ ਕਰਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰਾਂ ਵੀ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਲਈ ਵਚਨਬੱਧ ਹਨ।

ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ, ਜਿਸ ਦੌਰਾਨ ਔਰਤਾਂ ਦੀਆਂ ਸਮਾਜਿਕ, ਆਰਥਿਕ, ਸਭਿਆਚਾਰਕ ਅਤੇ ਰਾਜਨੀਤਿਕ ਪ੍ਰਾਪਤੀਆਂ ਦਾ ਜਸ਼ਨ ਮਨਾਇਆ ਜਾਂਦਾ ਹੈ। ਇਹ ਦਿਵਸ 1910 ਵਿੱਚ ਸ਼ੁਰੂ ਹੋਇਆ ਸੀ, ਜਦੋਂ ਜਰਮਨੀ ਵਿੱਚ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੀ ਮਹਿਲਾ ਦਫ਼ਤਰ ਦੀ ਨੇਤਾ ਕਲਾਰਾ ਜ਼ੇਟਕਿਨ ਨੇ ਕੋਪਨਹੇਗਨ ਵਿੱਚ ਕੰਮਕਾਜੀ ਔਰਤਾਂ ਦੇ ਦੂਜੇ ਅੰਤਰਰਾਸ਼ਟਰੀ ਸੰਮੇਲਨ ਵਿੱਚ ਇਹ ਵਿਚਾਰ ਪੇਸ਼ ਕੀਤਾ ਸੀ। ਇਸ ਪ੍ਰਸਤਾਵ ਨੂੰ 17 ਦੇਸ਼ਾਂ ਦੀਆਂ ਔਰਤਾਂ ਵੱਲੋਂ ਸਰਬਸੰਮਤੀ ਨਾਲ ਸਮਰਥਨ ਦਿੱਤਾ ਗਿਆ ਸੀ।
ਇਸ ਮੌਕੇ ਪ੍ਰੈਸ ਰਿਪੋਰਟਰ ਜਗਦੇਵ ਸਿੰਘ, ਡਾ. ਅੰਕੁਸ਼ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।

Comments are closed.