ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਪੈਨਸ਼ਨਰਾਂ ਵੱਲੋਂ ਸੰਘਰਸ਼ ਦਾ ਐਲਾਨ

10 ਮਾਰਚ ਨੂੰ ਡੀ.ਪੀ.ਆਈ ਦਫ਼ਤਰ ਮੁਹਾਲੀ ਅੱਗੇ ਸੂਬਾ ਪੱਧਰੀ ਰੋਸ ਧਰਨਾ ਤੇ ਵਿਧਾਨ ਸਭਾ ਵੱਲ ਮਾਰਚ ਦੀ ਚੇਤਾਵਨੀ, ਮਈ 2025 ਤੋਂ ਤਨਖਾਹਾਂ ਬਕਾਇਆ ਹੋਣ ਕਾਰਨ ਰੋਸ

ਮੁਹਾਲੀ, 9 ਮਾਰਚ (ਪੁਸ਼ਪਿੰਦਰ ਸਿੰਘ ਕੁਰਾਲੀ) — ਪੰਜਾਬ ਦੇ ਏਡਿਡ ਸਕੂਲਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਮਈ 2025 ਤੋਂ ਤਨਖਾਹ ਨਹੀਂ ਮਿਲੀ, ਜਿਸ ਕਾਰਨ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਰਕਾਰ ਦੇ ਰਵੱਈਏ ਨੂੰ ਲੈ ਕੇ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਪੈਨਸ਼ਨਰਾਂ ਨੇ 10 ਮਾਰਚ ਨੂੰ ਡੀ.ਪੀ.ਆਈ ਦਫ਼ਤਰ ਮੁਹਾਲੀ ਵਿਖੇ ਸੂਬਾ ਪੱਧਰੀ ਰੋਸ ਧਰਨਾ ਦੇਣ ਅਤੇ ਵਿਧਾਨ ਸਭਾ ਵੱਲ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਹੈ।

ਸਥਾਨਕ ਖਾਲਸਾ ਸਕੂਲ ਵਿੱਚ ਹੋਈ ਮੀਟਿੰਗ ਉਪਰੰਤ ਜਾਰੀ ਬਿਆਨ ਰਾਹੀਂ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ, ਸੂਬਾ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ, ਪੈਨਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਚਾਹਲ ਅਤੇ ਮੈਨੇਜਮੈਂਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਐੱਸ.ਐੱਸ. ਚਾਵਲਾ ਨੇ ਕਿਹਾ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।

ਆਗੂਆਂ ਨੇ ਕਿਹਾ ਕਿ ਸੂਬੇ ਦੇ ਲਗਭਗ 1.75 ਲੱਖ ਵਿਦਿਆਰਥੀਆਂ ਨੂੰ ਸਿੱਖਿਆ ਦੇ ਰਹੇ ਏਡਿਡ ਸਕੂਲਾਂ ਨੂੰ ਜਨਵਰੀ ਮਹੀਨੇ ਤੋਂ ਬਜਟ ਜਾਰੀ ਨਾ ਹੋਣ ਕਾਰਨ ਅਧਿਆਪਕਾਂ ਨੂੰ ਮਈ 2025 ਤੋਂ ਤਨਖਾਹ ਨਹੀਂ ਮਿਲ ਸਕੀ। ਇਸ ਕਾਰਨ ਅਧਿਆਪਕ ਅਤੇ ਹੋਰ ਸਟਾਫ਼ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਫਰਵਰੀ-ਮਾਰਚ 2026 ਵਿੱਚ ਤਨਖਾਹ ਗਰਾਂਟ ਜਾਰੀ ਕਰਨ ਲਈ ਵਿਸ਼ੇਸ਼ ਆਡਿਟ ਪੈਰ੍ਹੇ ਤੁਰੰਤ ਕਲੀਅਰ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਸਰਕਾਰ ਤਨਖਾਹਾਂ ਲਈ ਬਜਟ ਜਾਰੀ ਕਰਨ ਵਿੱਚ ਦੇਰੀ ਕਰ ਰਹੀ ਹੈ।

ਇਸ ਤੋਂ ਇਲਾਵਾ 1 ਜਨਵਰੀ 2016 ਤੋਂ ਬਾਅਦ ਸੇਵਾ ਮੁਕਤ ਪੈਨਸ਼ਨਰਾਂ ਦੇ ਰਿਵਾਈਜ਼ਡ ਪੀ.ਪੀ.ਓ. ਆਰਡਰ ਜਾਰੀ ਕਰਨ ਲਈ ਵੀ ਪਿੱਕ ਐਂਡ ਚੂਜ਼ ਨੀਤੀ ਅਪਣਾਈ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਏਡਿਡ ਸਕੂਲਾਂ ਦੇ ਅਧਿਆਪਕ ਅਤੇ ਪੈਨਸ਼ਨਰ ਇੰਨੇ ਮਾੜੇ ਦੌਰ ਵਿਚੋਂ ਗੁਜ਼ਰ ਰਹੇ ਹਨ।

ਉਨ੍ਹਾਂ ਕਿਹਾ ਕਿ ਕਈ ਏਡਿਡ ਸਕੂਲਾਂ ਵਿੱਚ ਅਸਾਮੀਆਂ ਖਾਲੀ ਹੋਣ ਕਾਰਨ ਸਕੂਲ ਬੰਦ ਹੋਣ ਦੀ ਕਗਾਰ ’ਤੇ ਹਨ। ਯੂਨੀਅਨ ਆਗੂਆਂ ਨੇ ਕਿਹਾ ਕਿ ਗੁਆਂਢੀ ਸੂਬਿਆਂ ਨੇ ਏਡਿਡ ਸਕੂਲਾਂ ਦੇ ਸਟਾਫ਼ ਨੂੰ ਸਰਕਾਰੀ ਸਕੂਲਾਂ ਵਿੱਚ ਮਰਜ ਕਰਕੇ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਹੈ, ਪਰ ਪੰਜਾਬ ਦੀ ‘ਆਪ’ ਸਰਕਾਰ ਆਪਣੇ ਚੋਣ ਮਨੋਰਥ ਪੱਤਰ ਦੇ ਵਾਅਦਿਆਂ ਤੋਂ ਪਾਸਾ ਵੱਟ ਰਹੀ ਹੈ।

ਆਗੂਆਂ ਨੇ ਦੱਸਿਆ ਕਿ ਉਕਤ ਮੰਗਾਂ ਨੂੰ ਲੈ ਕੇ ਪੰਜਾਬ ਦੇ ਸਮੂਹ ਏਡਿਡ ਸਕੂਲਾਂ ਦਾ ਸਟਾਫ਼, ਪੈਨਸ਼ਨਰ ਅਤੇ ਮੈਨੇਜਮੈਂਟਾਂ 10 ਮਾਰਚ ਨੂੰ ਡੀ.ਪੀ.ਆਈ (ਸੈਕੰਡਰੀ) ਮੁਹਾਲੀ ਦੇ ਦਫ਼ਤਰ ਅੱਗੇ ਰੋਸ ਧਰਨਾ ਦੇਣਗੇ ਅਤੇ ਲੋੜ ਪਈ ਤਾਂ ਪੰਜਾਬ ਵਿਧਾਨ ਸਭਾ ਵੱਲ ਮਾਰਚ ਵੀ ਕੀਤਾ ਜਾਵੇਗਾ।

ਇਸ ਮੌਕੇ ਐਬਿਟ ਮਸੀਹ, ਅਸ਼ੋਕ ਵਡੇਰਾ (ਫਿਰੋਜ਼ਪੁਰ), ਜਗਜੀਤ ਸਿੰਘ, ਹਰਦੀਪ ਸਿੰਘ (ਰੂਪਨਗਰ), ਸੁਖਇੰਦਰ ਸਿੰਘ (ਹੁਸ਼ਿਆਰਪੁਰ), ਡਾ. ਗੁਰਮੀਤ ਸਿੰਘ (ਨਵਾਂਸ਼ਹਿਰ), ਪਰਮਜੀਤ ਸਿੰਘ (ਗੁਰਦਾਸਪੁਰ), ਰਣਜੀਤ ਸਿੰਘ (ਅਨੰਦਪੁਰ ਸਾਹਿਬ), ਅਸ਼ਵਨੀ ਮਦਾਨ (ਪਟਿਆਲਾ), ਚਰਨਜੀਤ ਸ਼ਰਮਾ, ਐਨ.ਐਨ. ਸੈਣੀ, ਕੇ.ਕੇ. ਜੋਸ਼ੀ, ਡਾ. ਜਸਵੀਰ ਸਿੰਘ, ਦਲਜੀਤ ਸਿੰਘ ਅਤੇ ਯਾਦਵਿੰਦਰ ਕੁਮਾਰ ਆਦਿ ਹਾਜ਼ਰ ਸਨ।

Comments are closed.