ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਰਾਜ ਪੱਧਰੀ ਹੈਂਡਬਾਲ ਮੁਕਾਬਲਿਆਂ ਵਿੱਚ ਕਾਂਸੀ ਦੇ ਤਗਮੇ ਜਿੱਤੇ
ਲੜਕਿਆਂ ਅਤੇ ਲੜਕੀਆਂ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ
ਕੁਰਾਲੀ, 9 ਮਾਰਚ (ਪੁਸ਼ਪਿੰਦਰ ਸਿੰਘ) — ਬਰੁੱਕਫੀਲਡ ਇੰਟਰਨੈਸ਼ਨਲ ਸਕੂਲ, ਸਿਸਵਾਂ ਰੋਡ ਕੁਰਾਲੀ ਦੇ ਨੰਨ੍ਹੇ ਖਿਡਾਰੀਆਂ ਨੇ ਖੇਡਾਂ ਦੇ ਖੇਤਰ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਰਾਜ ਪੱਧਰੀ ਹੈਂਡਬਾਲ ਮੁਕਾਬਲਿਆਂ ਵਿੱਚ ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਨ੍ਹਾਂ ਨੌਜਵਾਨ ਖਿਡਾਰੀਆਂ ਦੀ ਸ਼ਾਨਦਾਰ ਖੇਡ ਨੇ ਸਾਬਤ ਕਰ ਦਿੱਤਾ ਹੈ ਕਿ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਨਾਲ ਕਿਸੇ ਵੀ ਮੰਜ਼ਿਲ ਨੂੰ ਹਾਸਲ ਕੀਤਾ ਜਾ ਸਕਦਾ ਹੈ।
ਲੜਕੀਆਂ ਦੀ ਸ਼੍ਰੇਣੀ ਵਿੱਚ ਅਲੀਸ਼ਾ (ਕਲਾਸ ਚੌਥੀ), ਪ੍ਰਤਿਸ਼ਠਾ (ਕਲਾਸ ਤੀਜੀ), ਸ਼ਨਾਇਆ ਮਲਹੋਤਰਾ (ਕਲਾਸ ਚੌਥੀ) ਅਤੇ ਗ੍ਰੇਸੀ ਸ਼ਰਮਾ (ਕਲਾਸ ਪੰਜਵੀਂ) ਨੇ ਕਾਂਸੀ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ ਲੜਕਿਆਂ ਦੀ ਸ਼੍ਰੇਣੀ ਵਿੱਚ ਦਿਵਯਮ ਬਾਂਸਲ (ਕਲਾਸ ਤੀਜੀ), ਲਕਸ਼ ਗਿਰੀ (ਕਲਾਸ ਚੌਥੀ) ਅਤੇ ਓਮਵੀਰ ਸ਼ਰਮਾ (ਕਲਾਸ ਤੀਜੀ) ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।
ਸਕੂਲ ਦੇ ਪ੍ਰੈਜ਼ੀਡੈਂਟ ਮਾਨਵ ਸਿੰਗਲਾ ਨੇ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਆਪਣੇ ਇਨ੍ਹਾਂ ਨੰਨ੍ਹੇ ਖਿਡਾਰੀਆਂ ‘ਤੇ ਬਹੁਤ ਮਾਣ ਹੈ। ਇਨ੍ਹਾਂ ਦੀ ਦ੍ਰਿੜ੍ਹਤਾ, ਟੀਮ ਵਰਕ ਅਤੇ ਖੇਡ ਭਾਵਨਾ ਨੇ ਰਾਜ ਪੱਧਰ ’ਤੇ ਸਕੂਲ ਦਾ ਮਾਣ ਵਧਾਇਆ ਹੈ।
ਉਨ੍ਹਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਮੋਹਰੀ ਬਣਾਉਣ ਲਈ ਵਚਨਬੱਧ ਹੈ, ਕਿਉਂਕਿ ਖੇਡਾਂ ਬੱਚਿਆਂ ਵਿੱਚ ਲੀਡਰਸ਼ਿਪ ਅਤੇ ਸਹਿਣਸ਼ੀਲਤਾ ਵਰਗੇ ਗੁਣ ਵਿਕਸਿਤ ਕਰਦੀਆਂ ਹਨ। ਉਨ੍ਹਾਂ ਆਸ ਜਤਾਈ ਕਿ ਇਹ ਜਿੱਤ ਵਿਦਿਆਰਥੀਆਂ ਲਈ ਭਵਿੱਖ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਦੀ ਪ੍ਰੇਰਣਾ ਬਣੇਗੀ।
ਇਸ ਦੌਰਾਨ ਸਕੂਲ ਪਹੁੰਚਣ ’ਤੇ ਜੇਤੂ ਖਿਡਾਰੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਪ੍ਰਾਪਤੀ ਨਾਲ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
Comments are closed.