ਅਮਿਤ ਸ਼ਾਹ ਦੇ ਪੰਜਾਬ ਦੌਰੇ ਦੇ ਵਿਰੋਧ ਵਿੱਚ ਰਾਜਪੁਰਾ ‘ਚ ਕਿਸਾਨਾਂ ਵੱਲੋਂ ਪੁਤਲਾ ਫੂਕਿਆ।

ਕਿਸਾਨ ਮਜ਼ਦੂਰ ਮੋਰਚੇ ਦੀ ਕਾਲ ‘ਤੇ ਟਾਹਲੀ ਵਾਲੇ ਚੌਂਕ ਵਿੱਚ ਰੋਸ ਪ੍ਰਦਰਸ਼ਨ, ਕੇਂਦਰ ਸਰਕਾਰ ਦੀਆਂ ਨੀਤੀਆਂ ਵਾਪਸ ਲੈਣ ਦੀ ਮੰਗ

ਰਾਜਪੁਰਾ, 14 ਮਾਰਚ: ਸੁਸ਼ੀਲ ਕੁਮਾਰ
ਕਿਸਾਨ ਮਜ਼ਦੂਰ ਮੋਰਚੇ ਦੀ ਕਾਲ ‘ਤੇ ਅੱਜ ਰਾਜਪੁਰਾ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ (ਪੰਜਾਬ) ਦੇ ਆਗੂਆਂ ਦੀ ਅਗਵਾਈ ਹੇਠ ਰਾਜਪੁਰਾ ਦੇ ਟਾਹਲੀ ਵਾਲੇ ਚੌਂਕ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕ ਕੇ ਨਾਰੇਬਾਜ਼ੀ ਕੀਤੀ ਗਈ।

ਇਸ ਮੌਕੇ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਬਲਕਾਰ ਸਿੰਘ ਬੈਂਸ ਅਤੇ ਜ਼ਿਲ੍ਹਾ ਪ੍ਰਧਾਨ ਪਟਿਆਲਾ ਬੂਟਾ ਸਿੰਘ ਖਰਾਜਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਅਮਰੀਕਾ ਨਾਲ ਕੀਤਾ ਗਿਆ ਫ੍ਰੀ ਟਰੇਡ ਸਮਝੌਤਾ ਕਿਸਾਨੀ ਅਤੇ ਡੇਅਰੀ ਸੈਕਟਰ ਲਈ ਨੁਕਸਾਨਦਾਇਕ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ 2025, ਮਨਰੇਗਾ ਵਿੱਚ ਸੋਧਾਂ, ਬੀਜ ਬਿੱਲ ਅਤੇ ਚਾਰ ਲੇਬਰ ਕੋਡ ਸਮੇਤ ਹੋਰ ਕਈ ਕਾਨੂੰਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਨੂੰ ਕਮਜ਼ੋਰ ਕਰਨ ਵਾਲੇ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਮਸਲਿਆਂ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ (ਪੰਜਾਬ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਾਂਝੇ ਤੌਰ ‘ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਨੂੰ ਕਿਸਾਨ ਵਿਰੋਧੀ ਨੀਤੀਆਂ ਵਾਪਸ ਲੈਣ ਦੀ ਮੰਗ ਕੀਤੀ ਗਈ।

ਇਸ ਮੌਕੇ ਜਸਵਿੰਦਰ ਸਿੰਘ ਖਰਾਜਪੁਰ, ਅਵਤਾਰ ਸਿੰਘ ਥੂਹਾ, ਅਵਤਾਰ ਸਿੰਘ ਆਕੜੀ, ਗੁਰਦੀਪ ਸਿੰਘ ਮਰਾਦਾਪੁਰ, ਗੁਰਤੇਜ ਸਿੰਘ ਨੈਣਾ, ਗੁਰਗਿਆਨ ਸਿੰਘ ਨੈਣਾ, ਜੀਤ ਸਿੰਘ, ਮਲਕੀਤ ਸਿੰਘ, ਦਿਲਬਾਗ ਸਿੰਘ, ਕਲਵੰਤ ਸਿੰਘ, ਗਰਪ੍ਰੀਤ ਸਿੰਘ ਰਾਮਨਗਰ ਸੈਣੀਆਂ, ਬਲਵਿੰਦਰ ਸਿੰਘ ਰਾਜਗੜ੍ਹ, ਭੁਪਿੰਦਰ ਸਿੰਘ ਰਾਜਪੁਰਾ, ਅਮਰੀਕ ਸਿੰਘ ਕਬੂਲਪੁਰ, ਗੁਰਪ੍ਰੀਤ ਸਿੰਘ ਪਿਲਖਣੀ, ਕੁਲਦੀਪ ਸਿੰਘ ਬਾਬਾ, ਸਰਿੰਦਰ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ, ਹਰਵਿੰਦਰ ਸਿੰਘ, ਬੀਬੀ ਰਵਿੰਦਰ ਕੌਰ, ਮਨਜੀਤ ਕੌਰ ਅਤੇ ਜਸਵਿੰਦਰ ਕੌਰ ਸਮੇਤ ਕਈ ਆਗੂ ਅਤੇ ਵਰਕਰ ਹਾਜ਼ਰ ਸਨ।

Comments are closed.