ਪਿੰਡ ਸਹੌੜਾਂ ਦੇ ਨੌਜਵਾਨ ਦੇ ਕੇਸ ਕਤਲ ਕਰਨ ਦਾ ਮਾਮਲਾ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਰਕਾਰ ਤੋਂ ਇਨਸਾਫ਼ ਦੀ ਮੰਗ

ਲੋਕ ਹਿੱਤ ਮਿਸ਼ਨ ਵੱਲੋਂ ਘਟਨਾ ਦੀ ਨਿਰਪੱਖ ਜਾਂਚ ਕਰਕੇ ਅਸਲੀ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਦੀ ਅਪੀਲ

ਮੁਹਾਲੀ, 17 ਮਾਰਚ (ਪੁਸ਼ਪਿੰਦਰ ਸਿੰਘ):
ਮੋਹਾਲੀ ਜ਼ਿਲ੍ਹੇ ਦੇ ਕੁਰਾਲੀ ਨੇੜਲੇ ਪਿੰਡ ਸਹੌੜਾਂ ਦੇ ਇੱਕ ਨੌਜਵਾਨ ਦੇ ਭੇਦਭਰੇ ਹਾਲਾਤਾਂ ਵਿੱਚ ਕੇਸ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਨੌਜਵਾਨ ਬਲਵੀਰ ਸਿੰਘ ਨੇ ਦੱਸਿਆ ਕਿ ਉਹ ਮੋਟਰਸਾਇਕਲ ਰਾਇਡ ਦਾ ਕੰਮ ਕਰਦਾ ਹੈ, ਪਰ ਬੀਤੇ ਦਿਨੀਂ ਉਸਨੂੰ ਪਤਾ ਨਹੀਂ ਲੱਗਿਆ ਕਿ ਉਸ ਨਾਲ ਕੀ ਹੋਇਆ।

ਉਸ ਨੇ ਦੱਸਿਆ ਕਿ ਜਦੋਂ ਉਹ ਬੇਹੋਸ਼ੀ ਦੀ ਹਾਲਤ ਵਿੱਚੋਂ ਹੋਸ਼ ਵਿੱਚ ਆਇਆ ਤਾਂ ਉਹ ਰਿਸ਼ੀਕੇਸ਼ ਵਿਖੇ ਮੌਜੂਦ ਸੀ ਅਤੇ ਉਸਦੇ ਸਿਰ ਤੇ ਮੂੰਹ ਦੇ ਕੇਸ ਕਤਲ ਕੀਤੇ ਹੋਏ ਸਨ। ਇਸ ਤੋਂ ਇਲਾਵਾ ਉਸਦਾ ਮੋਟਰਸਾਇਕਲ ਵੀ ਗਾਇਬ ਸੀ। ਉਸ ਨੇ ਦੱਸਿਆ ਕਿ ਉਸਨੇ ਉਥੋਂ ਦੇ ਗੁਰੂ ਦੇ ਸੇਵਾਦਾਰਾਂ, ਪੈਟਰੋਲ ਪੰਪ ਮਾਲਕ ਅਤੇ ਕੁਝ ਦੁਕਾਨਦਾਰਾਂ ਨੂੰ ਆਪਣੇ ਨਾਲ ਹੋਈ ਘਟਨਾ ਬਾਰੇ ਦੱਸਿਆ ਅਤੇ ਬਾਅਦ ਵਿੱਚ ਦੋ ਥਾਣਿਆਂ ਵਿੱਚ ਵੀ ਜਾਣਕਾਰੀ ਦਿੱਤੀ, ਪਰ ਕਿਸੇ ਨੇ ਵੀ ਉਸਦੀ ਗੱਲ ਨਹੀਂ ਸੁਣੀ।

ਉਸ ਨੇ ਕਿਹਾ ਕਿ ਇੱਕ ਪੰਜਾਬੀ ਵਿਅਕਤੀ ਨੇ ਉਸਦੀ ਮਦਦ ਕਰਦਿਆਂ ਉਸਨੂੰ ਕੁਝ ਪੈਸੇ ਦੇ ਕੇ ਘਰ ਭੇਜਿਆ। ਘਰ ਆ ਕੇ ਉਸ ਨੇ ਖਰੜ ਨੇੜਲੀ ਸੰਬੰਧਿਤ ਪੁਲਿਸ ਚੌਕੀ ਵਿੱਚ ਵੀ ਆਪਣੀ ਵਿਥਿਆ ਦੱਸੀ ਅਤੇ ਅਪੀਲ ਕੀਤੀ ਕਿ ਉਸ ਨਾਲ ਉਕਤ ਸਥਾਨਾਂ ’ਤੇ ਜਾ ਕੇ ਜਾਂਚ ਕੀਤੀ ਜਾਵੇ, ਪਰ ਉਥੇ ਵੀ ਇਹ ਕਹਿ ਕੇ ਮਾਮਲੇ ਨੂੰ ਅਣਗੌਲਿਆ ਕਰ ਦਿੱਤਾ ਗਿਆ ਕਿ ਤੇਰੀ ਜਾਨ ਬਚ ਗਈ ਅਤੇ ਤੂੰ ਘਰ ਆ ਗਿਆ, ਇਹ ਹੀ ਕਾਫ਼ੀ ਹੈ।

ਇਸ ਘਟਨਾ ਸਬੰਧੀ ਲੋਕ ਹਿੱਤ ਮਿਸ਼ਨ ਦੇ ਆਗੂ ਗੁਰਮੀਤ ਸਿੰਘ ਸਾਂਟੂ ਅਤੇ ਰਵਿੰਦਰ ਸਿੰਘ ਬਜੀਦਪੁਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਵੱਲੋਂ ਦੱਸੀਆਂ ਗਈਆਂ ਥਾਵਾਂ ’ਤੇ ਜਾ ਕੇ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਅਸਲੀਅਤ ਨੂੰ ਸਾਹਮਣੇ ਲਿਆਉਣ ਲਈ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਨੌਜਵਾਨ ਦਾ ਕਹਿਣਾ ਹੈ ਕਿ ਉਹ ਵਿਸਾਖੀ ਮੌਕੇ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਅੰਮ੍ਰਿਤਪਾਨ ਕਰਨ ਦੀ ਤਿਆਰੀ ਕਰ ਰਿਹਾ ਸੀ, ਪਰ ਇਸ ਘਟਨਾ ਨਾਲ ਉਸਦੇ ਨਾਲ ਵੱਡੀ ਸਾਜ਼ਿਸ਼ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਕੇਸ ਕਤਲ ਕਰਨ ਵਰਗੇ ਇਸ ਗੰਭੀਰ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਬੇਨਕਾਬ ਕੀਤਾ ਜਾਵੇ।

Comments are closed.