ਦੰਦਾਂ ਦੀ ਸਾਂਭ-ਸੰਭਾਲ ਬੇਹੱਦ ਜ਼ਰੂਰੀ : ਡਾ. ਸੰਗੀਤਾ ਜੈਨ

ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਨਾਇਆ ਵਿਸ਼ਵ ਮੌਖਿਕ ਸਿਹਤ ਦਿਵਸ, ਲੋਕਾਂ ਨੂੰ ਦੰਦਾਂ ਦੀ ਸਿਹਤ ਬਾਰੇ ਕੀਤਾ ਜਾਗਰੂਕ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 20 ਮਾਰਚ (ਪੁਸ਼ਪਿੰਦਰ ਸਿੰਘ ਕੁਰਾਲੀ): ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਅੱਜ ਵਿਸ਼ਵ ਮੌਖਿਕ ਸਿਹਤ ਦਿਵਸ ਮਨਾਇਆ ਗਿਆ। ਜ਼ਿਲ੍ਹਾ ਹਸਪਤਾਲ ਮੋਹਾਲੀ ਅਤੇ ਏਮਜ਼ ਮੋਹਾਲੀ ਵਿਖੇ ਹੋਏ ਜ਼ਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਕਿਹਾ ਕਿ ਦੰਦਾਂ ਦੀ ਸਿਹਤ ਨੂੰ ਠੀਕ ਰੱਖਣ ਲਈ ਜਾਗਰੂਕਤਾ ਪੈਦਾ ਕਰਨੀ ਬਹੁਤ ਜ਼ਰੂਰੀ ਹੈ ਅਤੇ ਇਸੇ ਉਦੇਸ਼ ਨਾਲ ਇਹ ਦਿਵਸ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਦੰਦਾਂ ਦੀ ਸਮੇਂ-ਸਮੇਂ ਸਿਰ ਜਾਂਚ ਅਤੇ ਠੀਕ ਸਾਂਭ-ਸੰਭਾਲ ਕਰਨੀ ਬੇਹੱਦ ਲਾਜ਼ਮੀ ਹੈ। ਸਰਕਾਰੀ ਸਿਹਤ ਸੰਸਥਾਵਾਂ ਵਿੱਚ ਲੋਕਾਂ ਨੂੰ ਦੰਦਾਂ ਦੀ ਜਾਂਚ ਅਤੇ ਇਲਾਜ ਲਈ ਮਿਆਰੀ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।

ਇਸ ਮੌਕੇ ਡਾ. ਅਮਿਤ ਅੱਗਰਵਾਲ, ਵਿਭਾਗ ਮੁਖੀ (ਡੈਂਟਿਸਟਰੀ), ਨੇ ਦੱਸਿਆ ਕਿ ਡੈਂਟਲ ਓਪੀਡੀ ਵਿੱਚ ਦੋ ਨਵੀਆਂ ਡੈਂਟਲ ਕੁਰਸੀਆਂ ਸ਼ਾਮਲ ਕੀਤੀਆਂ ਗਈਆਂ ਹਨ, ਜਿਸ ਨਾਲ ਮਰੀਜ਼ਾਂ ਨੂੰ ਹੋਰ ਸੁਵਿਧਾਜਨਕ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਹਸਪਤਾਲਾਂ ਵਿੱਚ ਉਪਲਬਧ ਡੈਂਟਲ ਸੇਵਾਵਾਂ ਦਾ ਲਾਭ ਲੈਣ।

ਸਮਾਗਮ ਦੌਰਾਨ ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ. ਪਰਨੀਤ ਗਰੇਵਾਲ, ਐਸ.ਐਮ.ਓ. ਡਾ. ਪਰਮਿੰਦਰ ਸਿੰਘ, ਏਮਜ਼ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਨਵਦੀਪ ਸੈਣੀ, ਡਾ. ਮਨਿਸ਼ ਗੁਪਤਾ, ਡਾ. ਹਰਪ੍ਰੀਤ ਕੌਰ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਰਹੇ।

ਇਸ ਦੌਰਾਨ ਵੱਖ-ਵੱਖ ਜਾਗਰੂਕਤਾ ਅਤੇ ਰਚਨਾਤਮਕ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਨਰਸਿੰਗ ਵਿਦਿਆਰਥੀਆਂ ਵੱਲੋਂ ਮੂੰਹ ਸਿਹਤ ਵਿਸ਼ੇ ’ਤੇ ਸੁੰਦਰ ਰੰਗੋਲੀ ਤਿਆਰ ਕੀਤੀ ਗਈ, ਜਦਕਿ ਮੂੰਹ ਦੀ ਸਫਾਈ ਬਾਰੇ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ। ਕਵਿਤਾ ਪੇਸ਼ ਕਰਨ ਵਾਲਿਆਂ ਵਿੱਚ ਅਵੀਕਾ ਅਤੇ ਅਵਨੂਰ (ਮਾਤਾ ਸਾਹਿਬ ਕੌਰ ਨਰਸਿੰਗ ਕਾਲਜ), ਡਾ. ਭਾਵਨਾ (ਇੰਟਰਨ, ਡੈਂਟਲ ਵਿਭਾਗ, ਸਿਵਲ ਹਸਪਤਾਲ ਮੋਹਾਲੀ) ਅਤੇ ਸ਼ੁਭਪ੍ਰੀਤ (ਸਰਸਵਤੀ ਨਰਸਿੰਗ ਕਾਲਜ, ਘੜੂਆਂ) ਸ਼ਾਮਲ ਸਨ।
ਸਮਾਗਮ ਵਿੱਚ ਡੈਂਟਲ ਟੀਮ ਅਤੇ ਹਸਪਤਾਲ ਦੇ ਹੋਰ ਸਟਾਫ ਨੇ ਭਰਪੂਰ ਹਿੱਸਾ ਲਿਆ। ਅੰਤ ਵਿੱਚ ਸਾਰੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Comments are closed.