ਪੀ.ਐੱਚ.ਸੀ ਘੜੂੰਆਂ ਵਿਖੇ ਵਿਸ਼ਵ ਓਰਲ ਹੈਲਥ ਦਿਵਸ ਮਨਾਇਆ ਗਿਆ

ਡਾ. ਪ੍ਰੀਤ ਮੋਹਣ ਸਿੰਘ ਖੁਰਾਣਾ ਦੀ ਅਗਵਾਈ ਹੇਠ ਜਾਗਰੂਕਤਾ ਗਤੀਵਿਧੀਆਂ, ਲੋਕਾਂ ਨੂੰ ਮੂੰਹ ਅਤੇ ਦੰਦਾਂ ਦੀ ਸਿਹਤ ਬਾਰੇ ਕੀਤਾ ਜਾਗਰੂਕ

ਖਰੜ/ਘੜੂੰਆਂ, 20 ਮਾਰਚ (ਪੁਸ਼ਪਿੰਦਰ ਸਿੰਘ ਕੁਰਾਲੀ): ਪੀ.ਐੱਚ.ਸੀ ਘੜੂੰਆਂ ਵਿਖੇ ਵਿਸ਼ਵ ਓਰਲ ਹੈਲਥ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੀਤ ਮੋਹਣ ਸਿੰਘ ਖੁਰਾਣਾ ਦੀ ਅਗਵਾਈ ਹੇਠ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ।
ਉਨ੍ਹਾਂ ਵੱਲੋਂ ਲੋਕਾਂ ਨੂੰ ਦੰਦਾਂ ਅਤੇ ਮੂੰਹ ਦੀ ਸਫਾਈ ਦੇ ਮਹੱਤਵ ਬਾਰੇ ਜਾਣੂ ਕਰਵਾਇਆ ਗਿਆ ਅਤੇ ਰੋਜ਼ਾਨਾ ਦੰਦ ਸਾਫ ਕਰਨ ਅਤੇ ਸਹੀ ਖੁਰਾਕ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਮੈਡੀਕਲ ਅਫਸਰ (ਡੈਂਟਲ) ਡਾ. ਹਰਦੀਪ ਕੌਰ ਨੇ ਕਿਹਾ ਕਿ ਮੂੰਹ ਦੀ ਸਿਹਤ ਸਾਡੀ ਕੁੱਲ ਸਿਹਤ ਦਾ ਅਹਿਮ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਦੰਦਾਂ ਦੀ ਸਹੀ ਦੇਖਭਾਲ ਨਾ ਕਰਨ ਨਾਲ ਦੰਦਾਂ ਦਾ ਕੀੜਾ, ਮਸੂੜਿਆਂ ਦੀ ਸੁਜਨ ਅਤੇ ਮੂੰਹ ਦੇ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਲੋਕਾਂ ਨੂੰ ਦਿਨ ਵਿੱਚ ਘੱਟੋ-ਘੱਟ ਦੋ ਵਾਰ ਬਰਸ਼ ਕਰਨ, ਮਿੱਠੀਆਂ ਚੀਜ਼ਾਂ ਦੀ ਘੱਟ ਵਰਤੋਂ ਕਰਨ ਅਤੇ ਸਮੇਂ-ਸਮੇਂ ’ਤੇ ਡੈਂਟਲ ਚੈਕਅੱਪ ਕਰਵਾਉਣ ਦੀ ਸਲਾਹ ਦਿੱਤੀ।

ਸਮਾਗਮ ਦੌਰਾਨ ਡਾ. ਰਹੁਲ, ਡਾ. ਅਮਨਪ੍ਰੀਤ, ਡਾ. ਜਸਪ੍ਰੀਤ, ਸਾਹਿਲ ਸੁਖੇਰਾ (ਬੀ.ਈ.ਈ.), ਅਮਨਿੰਦਰ ਕੌਰ (ਸਟਾਫ ਨਰਸ) ਸਮੇਤ ਹੋਰ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਵੀ ਮੌਜੂਦ ਰਹੇ।
ਇਸ ਤੋਂ ਇਲਾਵਾ ਨਰਸਿੰਗ ਵਿਦਿਆਰਥੀਆਂ ਨੇ ਵੀ ਸਮਾਗਮ ਵਿੱਚ ਭਾਗ ਲਿਆ ਅਤੇ ਮੂੰਹ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਸਾਂਝੀ ਸਹੁੰ (ਪਲੇਜ) ਚੁੱਕੀ। ਇਸ ਮੌਕੇ ਸਿਹਤ ਕਰਮਚਾਰੀਆਂ ਵੱਲੋਂ ਮਰੀਜ਼ਾਂ ਨੂੰ ਮੁਫ਼ਤ ਡੈਂਟਲ ਚੈਕਅੱਪ ਅਤੇ ਮੂੰਹ ਦੀ ਸਫਾਈ ਬਾਰੇ ਜਾਣਕਾਰੀ ਵੀ ਪ੍ਰਦਾਨ ਕੀਤੀ ਗਈ।

ਸਕੂਲੀ ਬੱਚਿਆਂ ਅਤੇ ਆਮ ਜਨਤਾ ਨੂੰ ਦੰਦਾਂ ਦੀ ਸੰਭਾਲ ਲਈ ਵਿਸ਼ੇਸ਼ ਤੌਰ ’ਤੇ ਜਾਗਰੂਕ ਕੀਤਾ ਗਿਆ। ਅੰਤ ਵਿੱਚ ਸਿਹਤ ਵਿਭਾਗ ਵੱਲੋਂ ਸਭ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀ ਦਿਨਚਰਿਆ ਵਿੱਚ ਮੌਖਿਕ ਸਫਾਈ ਨੂੰ ਸ਼ਾਮਲ ਕਰਕੇ ਸਿਹਤਮੰਦ ਜੀਵਨ ਜੀਉਣ।

Comments are closed.