ਜੀਤੀ ਪਡਿਆਲਾ ਵੱਲੋਂ ਪਿੰਡ ਦੁਸਾਰਨਾ ਵਿੱਚ ਕਾਂਗਰਸੀ ਵਰਕਰਾਂ ਨਾਲ ਅਹਿਮ ਮੀਟਿੰਗ
ਆਤਮਹੱਤਿਆ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ, ਚੋਣਾਂ ਲਈ ਹੁਣ ਤੋਂ ਹੀ ਤਿਆਰੀਆਂ ਕਰਨ ਦਾ ਸੱਦਾ
ਐਸ.ਏ.ਐਸ. ਨਗਰ, 22 ਮਾਰਚ (ਪੁਸ਼ਪਿੰਦਰ ਸਿੰਘ ਕੁਰਾਲੀ)
ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਅੱਜ ਹਲਕਾ ਖਰੜ ਦੇ ਪਿੰਡ ਦੁਸਾਰਨਾ ਵਿਖੇ ਕਾਂਗਰਸੀ ਵਰਕਰਾਂ ਨਾਲ ਇਕ ਅਹਿਮ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਉਨ੍ਹਾਂ ਵਰਕਰਾਂ ਨਾਲ ਵਿਚਾਰ ਸਾਂਝੇ ਕਰਦਿਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਤੋਂ ਹੀ ਪਾਰਟੀ ਲਈ ਪੂਰੀ ਤਾਕਤ ਨਾਲ ਤਿਆਰੀਆਂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ ਅਤੇ ਉਨ੍ਹਾਂ ਦੀ ਮਿਹਨਤ ਨਾਲ ਹੀ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਜਾ ਸਕਦੀ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ ਵੱਲੋਂ ਕੀਤੀ ਗਈ ਆਤਮਹੱਤਿਆ ਬਹੁਤ ਹੀ ਦੁਖਦਾਈ ਅਤੇ ਚਿੰਤਾਜਨਕ ਘਟਨਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਇਕ ਮੰਤਰੀ ‘ਤੇ ਦੋਸ਼ ਲੱਗਣਾ ਸਰਕਾਰ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜੇ ਕਰਦਾ ਹੈ।
ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਜੋ ਸਚਾਈ ਸਾਹਮਣੇ ਆ ਸਕੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ ‘ਤੇ ਰਾਜਨੀਤਿਕ ਦਬਾਅ ਬਣਾਉਣਾ ਬਹੁਤ ਹੀ ਗੰਭੀਰ ਮਾਮਲਾ ਹੈ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਪ੍ਰਸ਼ਾਸਨਿਕ ਪ੍ਰਣਾਲੀ ‘ਤੇ ਸਵਾਲ ਖੜੇ ਕਰਦੀਆਂ ਹਨ।
ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਕਾਂਗਰਸ ਪਾਰਟੀ ਇਸ ਮਸਲੇ ਨੂੰ ਲੋਕਾਂ ਵਿਚ ਲੈ ਕੇ ਜਾਵੇਗੀ ਅਤੇ ਇਨਸਾਫ ਲਈ ਸੰਘਰਸ਼ ਕਰੇਗੀ।
ਮੀਟਿੰਗ ਦੌਰਾਨ ਪਾਰਟੀ ਵਰਕਰਾਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਅਮਨਦੀਪ ਸਿੰਘ ਪੰਚ, ਮਾਸਟਰ ਰਛਪਾਲ ਸਿੰਘ, ਮਾਸਟਰ ਲਵਪ੍ਰੀਤ ਸਿੰਘ, ਸੇਰ ਸਿੰਘ, ਅਵਤਾਰ ਸਿੰਘ, ਦੀਦਾਰ ਸਿੰਘ, ਸਾਬਕਾ ਸਰਪੰਚ ਸਤਿੰਦਰ ਸਿੰਘ ਸੱਤੀ, ਸਰਬਜੀਤ ਸਿੰਘ, ਬਹਾਦਰ ਸਿੰਘ, ਦਲਬੀਰ ਸਿੰਘ, ਜਸਵੀਰ ਸਿੰਘ ਅਤੇ ਸਮੂਹ ਨੌਜਵਾਨ ਵੀ ਹਾਜ਼ਰ ਸਨ।
Comments are closed.