ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲੋਕ ਸਭਾ ਵਿੱਚ ਪੇਸ਼ ਕੀਤਾ ਮਹਿਲਾ ਰਾਖਵਾਂਕਰਨ ਬਿਲ ਅਸਲ ਮਕਸਦ ਤੋਂ ਭਟਕਿਆ: ਰਣਜੀਤ ਸਿੰਘ ਜੀਤੀ ਪਡਿਆਲਾ
ਬਿਲ ਵਿੱਚ ਜੋੜੀਆਂ ਸ਼ਰਤਾਂ ਨਾਲ ਚੋਣ ਢਾਂਚੇ ਅਤੇ ਹਲਕਾਬੰਦੀ ’ਤੇ ਪੈ ਸਕਦਾ ਸੀ ਅਸਰ, ਕਾਂਗਰਸ ਨੇ ਜਤਾਈ ਚਿੰਤਾ
ਐਸ.ਏ.ਐਸ. ਨਗਰ, 18 ਅਪ੍ਰੈਲ (ਪੁਸ਼ਪਿੰਦਰ ਸਿੰਘ ਕੁਰਾਲੀ):
ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਮਹਿਲਾ ਰਾਖਵਾਂਕਰਨ ਬਿਲ ਆਪਣੇ ਅਸਲ ਮਕਸਦ ਤੋਂ ਭਟਕਿਆ ਹੋਇਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਦੀ ਆੜ ਵਿੱਚ ਦੇਸ਼ ਦੇ ਨਕਸ਼ੇ ਅਤੇ ਰਾਜਨੀਤਿਕ ਸੰਤੁਲਨ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਉਨ੍ਹਾਂ ਕਿਹਾ ਕਿ ਇਸੇ ਕਾਰਨ ਇਹ ਬਿਲ ਲੋਕ ਸਭਾ ਵਿੱਚ ਪਾਸ ਨਹੀਂ ਹੋ ਸਕਿਆ। ਇਹ ਗੱਲਾਂ ਉਨ੍ਹਾਂ ਨੇ ਅੱਜ ਕੁਰਾਲੀ ਵਿੱਚ ਕਾਂਗਰਸੀ ਵਰਕਰਾਂ ਦੀ ਇੱਕ ਮੀਟਿੰਗ ਦੌਰਾਨ ਕਹੀਆਂ।
ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਮਹਿਲਾਵਾਂ ਨੂੰ ਰਾਜਨੀਤੀ ਵਿੱਚ ਯੋਗ ਹਿੱਸੇਦਾਰੀ ਦੇਣ ਦੀ ਹਮਾਇਤੀ ਰਹੀ ਹੈ, ਪਰ ਮੌਜੂਦਾ ਬਿਲ ਵਿੱਚ ਅਜਿਹੀਆਂ ਸ਼ਰਤਾਂ ਅਤੇ ਪ੍ਰਬੰਧ ਸ਼ਾਮਲ ਕੀਤੇ ਗਏ ਸਨ, ਜੋ ਦੇਸ਼ ਦੇ ਚੋਣ ਢਾਂਚੇ ਅਤੇ ਹਲਕਿਆਂ ਦੀ ਬਣਤਰ ’ਤੇ ਅਸਰ ਪਾ ਸਕਦੇ ਸਨ।
ਉਨ੍ਹਾਂ ਦੱਸਿਆ ਕਿ ਬਿਲ ਨਾਲ ਹਲਕਾਬੰਦੀ (ਡਿਲਿਮੀਟੇਸ਼ਨ) ਅਤੇ ਹੋਰ ਤਕਨੀਕੀ ਮਾਮਲੇ ਜੋੜ ਕੇ ਕੇਂਦਰ ਸਰਕਾਰ ਵੱਲੋਂ ਰਾਜਨੀਤਿਕ ਸੰਤੁਲਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਜੀਤੀ ਪਡਿਆਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਹਿਲਾਵਾਂ ਲਈ ਇੱਕ ਸਾਫ਼ ਅਤੇ ਪਾਰਦਰਸ਼ੀ ਬਿਲ ਲਿਆਵੇ, ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਚਾਲਾਕੀ ਨਾ ਹੋਵੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਲੋਕਤੰਤਰ ਅਤੇ ਸੰਵਿਧਾਨ ਦੀ ਮਰਿਆਦਾ ਦੀ ਰੱਖਿਆ ਲਈ ਖੜੀ ਰਹੀ ਹੈ ਅਤੇ ਅੱਗੇ ਵੀ ਦੇਸ਼ ਦੇ ਹਿੱਤਾਂ ਦੀ ਰੱਖਿਆ ਕਰਦੀ ਰਹੇਗੀ।
ਇਸ ਮੌਕੇ ਕੌਂਸਲਰ ਰਮਾਕਾਂਤ ਕਾਲੀਆਂ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਦਿਨੇਸ਼ ਗੌਤਮ, ਆਸ਼ੀਸ਼ ਸ਼ਰਮਾ, ਬੱਬੂ ਕੌਸਲ, ਸਾਹਿਲ ਰਾਣਾ ਸਮੇਤ ਹੋਰ ਵਰਕਰ ਅਤੇ ਸ਼ਹਿਰ ਵਾਸੀ ਮੌਜੂਦ ਸਨ।
Comments are closed.