ਮੋਹਾਲੀ ਤੋਂ ਚੌਥੀ ਬੱਸ ਰਵਾਨਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਨੇ ਹਰੀ ਝੰਡੀ ਦਿਖਾਈ
ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਸਮੇਤ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੇ ਕਰਨਗੇ ਦਰਸ਼ਨ, ਸਰਕਾਰ ਵੱਲੋਂ ਮੁਫ਼ਤ ਏ.ਸੀ. ਬੱਸ, ਰਹਿਣ ਅਤੇ ਖਾਣ-ਪੀਣ ਦੀ ਸਹੂਲਤ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਫਰਵਰੀ (ਪੁਸ਼ਪਿੰਦਰ ਸਿੰਘ ਕੁਰਾਲੀ) ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮੋਹਾਲੀ ਹਲਕੇ ਤੋਂ ਅੱਜ ਚੌਥੀ ਬੱਸ ਨੂੰ ਵਿਧਾਇਕ ਕੁਲਵੰਤ ਸਿੰਘ ਵੱਲੋਂ ਫੇਜ਼-11 ਦੇ ਵਾਰਡ ਨੰਬਰ 16 ਦੇ ਸਪੋਰਟਸ ਕੰਪਲੈਕਸ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਇਸ ਯੋਜਨਾ ਤਹਿਤ ਗੁਰਦੁਆਰਾ ਸਿੰਘ ਸਭਾ ਫੇਜ਼-11 ਤੋਂ ਸ਼ਰਧਾਲੂਆਂ ਦੇ ਜੱਥੇ ਤੀਰਥ ਯਾਤਰਾ ਕਰ ਚੁੱਕੇ ਹਨ।
ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ, ਜਲਿਆਂਵਾਲਾ ਬਾਗ, ਵਾਲਮੀਕੀ ਮੰਦਰ, ਰਾਮ ਤੀਰਥ ਅਤੇ ਵਾਘਾ ਬਾਰਡਰ ਸਮੇਤ ਕਈ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਨਗੇ ਅਤੇ ਯਾਤਰਾ ਪੂਰੀ ਕਰਕੇ ਵਾਪਸ ਮੋਹਾਲੀ ਪਰਤਣਗੇ। ਉਨ੍ਹਾਂ ਕਿਹਾ ਕਿ ਇਹ ਬੱਸ ਵਾਪਸੀ ਤੋਂ ਬਾਅਦ ਹੋਰ 40 ਯਾਤਰੀਆਂ ਨੂੰ ਲੈ ਕੇ ਦੁਬਾਰਾ ਅੰਮ੍ਰਿਤਸਰ ਲਈ ਰਵਾਨਾ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਤਿੰਨ ਦਿਨ ਅਤੇ ਦੋ ਰਾਤਾਂ ਦੀ ਯਾਤਰਾ ਦੌਰਾਨ ਸ਼ਰਧਾਲੂਆਂ ਲਈ ਮੁਫ਼ਤ ਏ.ਸੀ. ਬੱਸਾਂ, ਏ.ਸੀ. ਕਮਰੇ, ਤਿੰਨ ਵਾਰ ਖਾਣਾ, ਚਾਹ ਅਤੇ ਸਨੈਕਸ ਦੀ ਵਿਸ਼ੇਸ਼ ਸਹੂਲਤ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹਰ ਬੱਸ ਵਿੱਚ ਸਹਾਇਕ ਸਟਾਫ ਅਤੇ ਡਾਕਟਰੀ ਟੀਮ ਵੀ ਮੌਜੂਦ ਰਹੇਗੀ ਤਾਂ ਜੋ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲੋਕ-ਭਲਾਈ ਲਈ ਵਚਨਬੱਧ ਹੈ ਅਤੇ ਸੀਨੀਅਰ ਸਿਟੀਜ਼ਨਾਂ ਲਈ ਇਹ ਯੋਜਨਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਮੁਹੱਲਾ ਕਲੀਨਿਕਾਂ, ਮੁਫ਼ਤ ਬਿਜਲੀ, ਸਿੱਖਿਆ ਅਤੇ ਸਿਹਤ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਲਗਾਤਾਰ ਪੂਰੇ ਕੀਤੇ ਜਾ ਰਹੇ ਹਨ ਅਤੇ ਪੰਜਾਬ ਨੂੰ ਤਰੱਕੀ ਦੇ ਰਾਹ ‘ਤੇ ਅੱਗੇ ਵਧਾਇਆ ਜਾ ਰਿਹਾ ਹੈ।
ਇਸ ਮੌਕੇ ਡਾ. ਸਨੀ ਆਹਲੂਵਾਲੀਆ (ਚੇਅਰਮੈਨ ਪੰਜਾਬ ਸੀਵਰੇਜ ਬੋਰਡ), ਫੂਲਰਾਜ ਸਿੰਘ (ਹਲਕਾ ਕੋਆਰਡੀਨੇਟਰ), ਰਣਜੀਤ ਸਿੰਘ ਢਿੱਲੋਂ, ਅਸ਼ੋਕ ਕੁਮਾਰ, ਉਪਕਾਰ ਸਿੰਘ, ਜਗਦੀਸ਼ ਸਿੰਘ ਸਰਾਓ, ਹਰਜੀਤ ਸਿੰਘ, ਹਰਪਾਲ ਸਿੰਘ, ਅਮਰਜੀਤ ਸਿੰਘ, ਨਿਰਮਲ ਸਿੰਘ ਸੰਧੂ ਅਤੇ ਹੋਰ ਕਈ ਪਾਰਟੀ ਆਗੂ ਅਤੇ ਇਲਾਕਾ ਵਾਸੀ ਮੌਜੂਦ ਸਨ।
Comments are closed.