ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਲਾਲੜੂ ਖੇਤਰ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ

ਕਈ ਪ੍ਰੋਜੈਕਟ ਮੁਕੰਮਲ, ਸੀਵਰੇਜ, ਸੜਕਾਂ ਅਤੇ ਪਾਣੀ ਸਪਲਾਈ ਦੇ ਹੋਰ ਕੰਮ ਜਲਦ ਹੋਣਗੇ ਸ਼ੁਰੂ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 20 ਫਰਵਰੀ (ਪੁਸ਼ਪਿੰਦਰ ਸਿੰਘ ਕੁਰਾਲੀ):
ਹਲਕਾ ਡੇਰਾਬਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਲਾਲੜੂ ਖੇਤਰ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਪ੍ਰੋਜੈਕਟ ਮੁਕੰਮਲ ਹੋ ਚੁੱਕੇ ਹਨ, ਜਦਕਿ ਕੁਝ ਕੰਮ ਪ੍ਰਗਤੀ ਅਧੀਨ ਹਨ ਅਤੇ ਹੋਰ ਜਲਦ ਸ਼ੁਰੂ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਲਾਲੜੂ ਦੇ ਵਾਰਡ ਨੰਬਰ 7 ਅਤੇ 8 ਵਿੱਚ 24.80 ਲੱਖ, 23.80 ਲੱਖ ਅਤੇ 24.50 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ, ਨਿਕਾਸੀ ਅਤੇ ਹੋਰ ਵਿਕਾਸ ਕਾਰਜ ਮੁਕੰਮਲ ਕੀਤੇ ਗਏ ਹਨ। ਇਸ ਤੋਂ ਇਲਾਵਾ ਅੱਤਰੀ ਸਕੂਲ ਦੀ ਸੜਕ 23.00 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਗਲੀ ਨੰਬਰ 4 ਤੋਂ 8 ਤੱਕ ਸੀਵਰੇਜ ਅਤੇ ਪੀਣ ਯੋਗ ਪਾਣੀ ਸਪਲਾਈ ਸਬੰਧੀ ਕੰਮ 68.81 ਲੱਖ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਾਰਡ ਨੰਬਰ 7 ਦੇ ਪਾਰਕ ਦੀ ਮੁਰੰਮਤ (10.00 ਲੱਖ), ਬਹਾਵਲਪੁਰੀ ਭਵਨ ਦੀ ਮੁਰੰਮਤ (15.00 ਲੱਖ) ਅਤੇ ਦੁਰਗਾ ਦੇਵੀ ਮੰਦਰ ਨੇੜੇ ਸੀਵਰੇਜ ਪਾਈਪ ਲਗਾਉਣ ਦਾ ਕੰਮ (24.50 ਲੱਖ) ਪ੍ਰਗਤੀ ਅਧੀਨ ਹੈ।

ਵਿਧਾਇਕ ਰੰਧਾਵਾ ਨੇ ਦੱਸਿਆ ਕਿ ਹੋਰ ਕਈ ਪ੍ਰੋਜੈਕਟ ਵੀ ਜਲਦ ਸ਼ੁਰੂ ਕੀਤੇ ਜਾਣਗੇ, ਜਿਨ੍ਹਾਂ ਵਿੱਚ ਗਲੀਆਂ ਅਤੇ ਨਾਲੀਆਂ ਦਾ ਨਿਰਮਾਣ, ਨਿਕਾਸੀ ਪ੍ਰਣਾਲੀ ਦਾ ਸੁਧਾਰ, ਪੀਣ ਵਾਲੇ ਪਾਣੀ ਦੀ ਸਪਲਾਈ ਲਾਈਨਾਂ ਅਤੇ ਸੀਵਰੇਜ ਨਾਲ ਸੰਬੰਧਿਤ ਕੰਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਾਰੇ ਪ੍ਰੋਜੈਕਟ ਨਿਰਧਾਰਿਤ ਸਮੇਂ ਅੰਦਰ ਪੂਰੇ ਕਰਨ ਲਈ ਸੰਬੰਧਿਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਨ੍ਹਾਂ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਨਾਲ ਇਲਾਕਾ ਵਾਸੀਆਂ ਨੂੰ ਬੁਨਿਆਦੀ ਸੁਵਿਧਾਵਾਂ ਵਿੱਚ ਵੱਡਾ ਸੁਧਾਰ ਮਿਲੇਗਾ ਅਤੇ ਆਵਾਜਾਈ, ਸਫ਼ਾਈ ਅਤੇ ਪਾਣੀ ਸਪਲਾਈ ਪ੍ਰਬੰਧ ਹੋਰ ਮਜ਼ਬੂਤ ਹੋਣਗੇ।

Comments are closed.