ਰਾਜਪੁਰਾ ਰੇਲਵੇ ਲਾਈਨਾਂ ਕੋਲੋਂ ਨੌਜਵਾਨ ਦੀ ਸੰਦੇਹਜਨਕ ਹਾਲਾਤਾਂ ਵਿੱਚ ਲਾਸ਼ ਬਰਾਮਦ, ਜੀ.ਆਰ.ਪੀ. ਵੱਲੋਂ ਜਾਂਚ ਜਾਰੀ
ਰਾਜਪੁਰਾ, 19 ਫਰਵਰੀ 2026 (ਸੁਸੀਲ ਕੁਮਾਰ): ਰਾਜਪੁਰਾ ਦੇ ਦਮਨਹੇੜੀ ਨੇੜੇ ਰੇਲਵੇ ਲਾਈਨਾਂ ਕੋਲੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਇਸ ਸਬੰਧੀ ਸੂਚਨਾ ਮਿਲਣ ਉਪਰੰਤ ਜੀ.ਆਰ.ਪੀ. ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਮੌਕੇ ਦੀ ਜਾਂਚ ਸ਼ੁਰੂ ਕੀਤੀ।
ਮੌਕੇ ’ਤੇ ਜਾਂਚ ਦੌਰਾਨ ਪੁਲਿਸ ਨੇ ਦੇਖਿਆ ਕਿ ਮ੍ਰਿਤਕ ਦੇ ਸਰੀਰ ’ਤੇ ਕੁੱਟਮਾਰ ਦੇ ਕਈ ਨਿਸ਼ਾਨ ਮੌਜੂਦ ਸਨ ਅਤੇ ਉਸ ਦੇ ਹੱਥ ਵੀ ਬੰਨ੍ਹੇ ਹੋਏ ਸਨ, ਜਿਸ ਕਾਰਨ ਮਾਮਲਾ ਕਾਫੀ ਸੰਦੇਹਜਨਕ ਮੰਨਿਆ ਜਾ ਰਿਹਾ ਹੈ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀ.ਆਰ.ਪੀ. ਪਟਿਆਲਾ ਦੇ ਮੁੱਖ ਥਾਣਾ ਅਫਸਰ (SHO) ਇਕਬਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦਮਨਹੇੜੀ ਨੇੜੇ ਰੇਲਵੇ ਲਾਈਨਾਂ ਕੋਲ ਇੱਕ ਨੌਜਵਾਨ ਦੀ ਲਾਸ਼ ਪਈ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਲਈ ਲਾਸ਼ ਨੂੰ ਸਰਕਾਰੀ ਹਸਪਤਾਲ ਰਾਜਪੁਰਾ ਵਿੱਚ 72 ਘੰਟਿਆਂ ਲਈ ਰੱਖਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। SHO ਨੇ ਕਿਹਾ ਕਿ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਫਿਲਹਾਲ ਇਸ ਘਟਨਾ ਨਾਲ ਇਲਾਕੇ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ, ਜਦਕਿ ਪੁਲਿਸ ਮਾਮਲੇ ਨੂੰ ਸੁਲਝਾਉਣ ਲਈ ਤਫਤੀਸ਼ ਵਿੱਚ ਜੁਟੀ ਹੋਈ ਹੈ।
Watch our YouTube video
Comments are closed.