ਭਗਵਾਨ ਸ਼ਿਵ ਕਥਾ ਦੇ ਤੀਜੇ ਦਿਨ ਮਾਂ ਪਾਰਵਤੀ ਜਨਮੋਤਸਵ ਧੂਮਧਾਮ ਨਾਲ ਮਨਾਇਆ
ਕੁਰਾਲੀ ਵਿੱਚ ਹੋ ਰਹੀ ਪੰਜ ਦਿਨਾਂ ਕਥਾ ਦੌਰਾਨ ਨਾਰੀ ਸਨਮਾਨ ਤੇ ਕਨਿਆ ਭਰੂਣ ਹੱਤਿਆ ਵਿਰੁੱਧ ਜਾਗਰੂਕਤਾ ਦਾ ਸੰਦੇਸ਼
ਮੁਹਾਲੀ, 22 ਫਰਵਰੀ (ਪੁਸ਼ਪਿੰਦਰ ਸਿੰਘ):
ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਮਹਾਸ਼ਿਵਰਾਤ੍ਰੀ ਦੇ ਪਾਵਨ ਮੌਕੇ ‘ਤੇ ਸ਼੍ਰੀ ਦੁਰਗਾ ਸ਼ਿਵ ਸ਼ਕਤੀ ਮੰਦਰ ਧਰਮਸ਼ਾਲਾ, ਕੁਰਾਲੀ ਵਿੱਚ ਪੰਜ ਦਿਨਾਂ ਭਗਵਾਨ ਸ਼ਿਵ ਕਥਾ ਕਰਵਾਈ ਜਾ ਰਹੀ ਹੈ। ਕਥਾ ਦੇ ਤੀਜੇ ਦਿਨ ਮਾਂ ਪਾਰਵਤੀ ਦੇ ਜਨਮੋਤਸਵ ਨੂੰ ਭਗਤੀਮਈ ਮਾਹੌਲ ਵਿੱਚ ਮਨਾਇਆ ਗਿਆ, ਜਿਸ ਦੌਰਾਨ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ।
ਸੰਸਥਾਨ ਦੇ ਸੰਸਥਾਪਕ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਅਤੇ ਕਥਾ ਵਿਆਸ ਸਾਧਵੀ ਸੰਜੋਗਿਤਾ ਭਾਰਤੀ ਜੀ ਨੇ ਭਗਤਾਂ ਨੂੰ ਕਥਾ ਦਾ ਰਸਪਾਨ ਕਰਵਾਉਂਦੇ ਹੋਏ ਭਗਵਾਨ ਸ਼ਿਵ ਦੇ ਵਿਸ਼ਾਲ ਅਤੇ ਅਦਵਿੱਤੀ ਵਿਅਕਤੀਤਵ ਦਾ ਵਰਣਨ ਕੀਤਾ। ਉਨ੍ਹਾਂ ਕਿਹਾ ਕਿ ਸ਼ਿਵ ਦਾ ਸਰੂਪ ਅਸਿਮ ਹੈ—ਉਨ੍ਹਾਂ ਦੀ ਉਚਾਈ ਆਕਾਸ਼ ਵਰਗੀ ਅਤੇ ਗਹਿਰਾਈ ਸਮੁੰਦਰ ਵਰਗੀ ਹੈ, ਜਿਸਨੂੰ ਸ਼ਬਦਾਂ ਵਿੱਚ ਪੂਰੀ ਤਰ੍ਹਾਂ ਬਿਆਨ ਕਰਨਾ ਅਸੰਭਵ ਹੈ।
ਸਾਧਵੀ ਜੀ ਨੇ ਮਾਤਾ ਸਤੀ ਦੇ ਤਿਆਗ ਅਤੇ ਉਨ੍ਹਾਂ ਦੇ ਦੁਬਾਰਾ ਪਾਰਵਤੀ ਰੂਪ ਵਿੱਚ ਅਵਤਾਰ ਦੀ ਕਥਾ ਵੀ ਵਿਸਥਾਰ ਨਾਲ ਸੁਣਾਈ। ਉਨ੍ਹਾਂ ਦੱਸਿਆ ਕਿ ਸਤੀ ਦੇ ਸੰਕਲਪ ਅਨੁਸਾਰ ਅਗਲੇ ਜਨਮ ਵਿੱਚ ਉਹ ਰਾਜਾ ਹਿਮਵਾਨ ਦੇ ਘਰ ਮਾਂ ਪਾਰਵਤੀ ਦੇ ਰੂਪ ਵਿੱਚ ਪ੍ਰਗਟ ਹੋਈਆਂ, ਜਿਸ ਨਾਲ ਪੂਰੇ ਹਿਮਾਚਲ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ।
ਕਥਾ ਦੌਰਾਨ ਸਾਧਵੀ ਜੀ ਨੇ ਸਮਾਜ ਵਿੱਚ ਵਧ ਰਹੀ ਕਨਿਆ ਭਰੂਣਹੱਤਿਆ ‘ਤੇ ਗੰਭੀਰ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਜਿਸ ਭਾਰਤ ਵਿੱਚ ਧੀਆਂ ਨੂੰ ਦੇਵੀ ਸਮਾਨ ਮੰਨਿਆ ਜਾਂਦਾ ਸੀ, ਉੱਥੇ ਅਜੰਮੀ ਧੀਆਂ ਨੂੰ ਗਰਭ ਵਿੱਚ ਹੀ ਮਾਰਨਾ ਬਹੁਤ ਵੱਡਾ ਪਾਪ ਹੈ। ਸ਼ਾਸਤਰਾਂ ਅਨੁਸਾਰ ਇਹ ਅਧੋਗਤੀ ਦਾ ਕਾਰਨ ਬਣਦਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾਨ ਵੱਲੋਂ “ਸੰਤੁਲਨ” ਨਾਮ ਦੀ ਮੁਹਿੰਮ ਰਾਹੀਂ ਲਿੰਗ ਭੇਦਭਾਵ, ਨਾਰੀ ਉਤਪੀੜਨ ਅਤੇ ਕਨਿਆ ਭਰੂਣਹੱਤਿਆ ਖ਼ਿਲਾਫ਼ ਜਾਗਰੂਕਤਾ ਫੈਲਾਈ ਜਾ ਰਹੀ ਹੈ।
ਤੀਜੇ ਦਿਨ ਦੀ ਕਥਾ ਦਾ ਸਮਾਪਨ ਭਗਵਾਨ ਦੀ ਪਾਵਨ ਆਰਤੀ ਨਾਲ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਉਮਾ ਗੌਤਮ (ਕੌਂਸਲਰ, ਕੁਰਾਲੀ), ਅਗਰਵਾਲ ਸਭਾ ਦੇ ਮੈਂਬਰ, ਸ਼੍ਰੀ ਸੁਸ਼ੀਲ ਸਿੰਗਲਾ (ਪ੍ਰਧਾਨ, ਨੈਨਾ ਦੇਵੀ ਭੰਡਾਰਾ ਕਮੇਟੀ), ਖਾਟੂ ਸ਼ਿਆਮ ਕੀਰਤਨ ਮੰਡਲੀ ਅਤੇ ਹੋਰ ਧਾਰਮਿਕ ਸੰਗਤ ਨੇ ਸਾਂਝੀ ਹਾਜ਼ਰੀ ਭਰਕੇ ਆਸ਼ੀਰਵਾਦ ਪ੍ਰਾਪਤ ਕੀਤਾ।
Comments are closed.